ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਅਟਾਰੀ ਦੇ ਵੱਖ-ਵੱਖ ਪਿੰਡਾਂ ਵਿੱਚ ਕੱਢੀ ਗਈ “ਨਸ਼ਾ ਮੁਕਤੀ ਯਾਤਰਾ”

ਅੰਮ੍ਰਿਤਸਰ 29 ਮਈ(ACN):- ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਅਟਾਰੀ ਦੇ ਵੱਖ-ਵੱਖ ਪਿੰਡਾਂ  ਅਚਿੰਤਕੋਟ, ਘਰਿੰਡੀ, ਲਾਹੌਰੀਮਲ, ਕਾਉਂਕੇ, ਬਾਗੜੀਆਂ ਅਤੇ ਮੁਹਾਵਾ ਵਿਖੇ ਨਸ਼ਾ ਮੁਕਤੀ ਯਾਤਰਾ” ਕੱਢੀ ਜਾ ਰਹੀ ਹੈ, ਜਿਸ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀਆਂ ਦੇ ਮੈਂਬਰ, ਪਿੰਡਾਂ ਦੇ ਪੰਚ-ਸਰਪੰਚ, ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਭਾਗ ਲੈ ਰਹੇ ਹਨ। ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਦੇ ਹੋਏ ਵਿਧਾਇਕ ਜਸਵਿੰਦਰ ਸਿੰਘ ਰਮਦਾਸ  ਔਰਤਾਂ ਤੇ ਨੌਜਵਾਨਾਂ ਅੰਦਰ ਜ਼ੋਸ਼ ਭਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਤਾਕਤ ਨੂੰ ਸਮਝਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਛੋਟੀ ਜਿਹੀ ਜਾਣਕਾਰੀ ਪ੍ਰਸ਼ਾਸਨ ਲਈ ਵਡਮੁੱਲੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਥੇ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰ ਰਹੀ ਹੈ, ਉਥੇ ਇਸ ਦਲਦਲ ਵਿਚ ਫਸ ਚੁੱਕੀ ਸਾਡੀ ਨੌਜਵਾਨ ਪੀੜ੍ਹੀ ਦੀ ਸੰਭਾਲ ਕਰ ਰਹੀ ਹੈ ਤੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਉਨ੍ਹਾਂ ਦਾ ਇਲਾਜ ਸਰਕਾਰ ਵਲੋਂ ਮੁਫ਼ਤ ਕੀਤਾ ਜਾ ਰਿਹਾ ਹੈ। ਸ. ਅਟਾਰੀ ਨੇ ਕਿਹਾ ਕਿ ਨਸ਼ਾ ਇੱਕ ਕੋਹੜ ਹੈ, ਇਸ ਤੋਂ ਹਰੇਕ ਨੌਜਵਾਨ ਨੂੰ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿਹਾ ਹੁਣ ਪਿੰਡ ਪੱਧਰ `ਤੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਨੌਜਵਾਨਾਂ ਨੂੰ ਸਹੀ ਗਾਈਡ ਕਰਨ ਅਤੇ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਇਸ ਮੌਕੇ ਉਹਨਾ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਸਮੂਹ ਹਾਜ਼ਰੀਨ ਨੇ ਨਸ਼ਾ ਨਾ ਕਰਨ, ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਡੀ.ਐਸ.ਪੀ. ਲਖਵਿੰਦਰ ਸਿੰਘ ਕਲੇਰ, ਕੋਡੀਨੇਟਰ ਗੱਜਣ ਸਿੰਘ, ਨਾਇਬ ਤਹਿਸੀਲਦਾਰ ਤਰਸੇਮ ਸਿੰਘ, ਬੀ.ਡੀ.ਪੀ.ਓ ਬਲਾਕ ਅਟਾਰੀ ਬਿਕਰਮਜੀਤ ਸਿੰਘ, ਬਲਾਕ ਪ੍ਰਧਾਨ ਗੁਰਸ਼ਰਨ ਸਿੰਘ, ਸਰਪੰਚ ਬਲਜਿੰਦਰ ਸਿੰਘ, ਮੰਗਲ ਸਿੰਘ,ਰਣਜੀਤ ਸਿੰਘ, ਅਰਸ਼ਦੀਪ ਸਿੰਘ,ਸਕੱਤਰ ਸਿੰਘ,ਹਰਪਾਲ ਸਿੰਘ ਰਾਣਾ,ਰਾਜੂ ਅਤੇ ਹੋਰ ਪਿੰਡ ਵਾਸੀ ਵੀ ਹਾਜਰ ਸਨ।