ਨਸ਼ਾ ਛਡਾਊ ਕੇਂਦਰ ਵਿਖੇ ਚੱਲ ਰਹੀਆਂ  ਯੋਗ ਕਲਾਸਾਂ

ਅੰਮ੍ਰਿਤਸਰ  29 ਮਈ (ACN):- ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ “ਨਸ਼ੇ ਦੇ ਖ਼ਿਲਾਫ਼ ਜੰਗ” ਦੇ ਤਹਿਤ ਇੱਕ ਸ਼ਲਾਘਾਯੋਗ ਯੋਗ ਪਹਿਲ ਦੇਖਣ ਨੂੰ ਮਿਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀਐਮ ਦੀ ਯੋਗਸ਼ਾਲਾ ਹੁਣ ਨਸ਼ਾ ਛੁਡਾਓ ਕੇਂਦਰਾਂ ਤੱਕ ਪਹੁੰਚ ਚੁੱਕੀ ਹੈ, ਜਿੱਥੇ ਨਸ਼ਾ ਛੱਡਣ ਦੇ ਇੱਛੁਕ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਨਿਯਮਤ ਯੋਗ ਸੈਸ਼ਨ ਕਰਵਾਏ ਜਾਂਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ ਨੇ ਦੱਸਿਆ ਕਿ ਅੰਮ੍ਰਿਤਸਰ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ, ਜੋ ਕਿ ਸਰਕਾਰੀ ਮੈਡੀਕਲ ਕਾਲਜ   ਵਿੱਚ ਚੱਲ ਰਿਹਾ ਹੈ, ਅਤੇ ਸਰਕਾਰੀ ਨਸ਼ਾ ਛੁਡਾਊ ਕੇਦਰ ਵਿਖੇ ਵੀ, ਉੱਥੇ ਹਰ ਰੋਜ਼ ਸਵੇਰੇ ਯੋਗ ਸੁਨੀਲ ਕੁਮਾਰ ਵੱਲੋਂ ਕਰੀਬ 50 ਮਰੀਜ਼ਾਂ ਨੂੰ ਯੋਗ ਕਰਵਾਇਆ ਜਾਂਦਾ ਹੈ। ਇਨ੍ਹਾਂ ਯੋਗ ਸੈਸ਼ਨਾਂ ਵਿੱਚ ਰਿਲੈਕਸੇਸ਼ਨ, ਧਿਆਨ, ਸੂਖਮ ਵਿਆਯਾਮ, ਹੱਸਣ ਦੀ ਥੈਰੇਪੀ, ਤਾਲੀ ਥੈਰੇਪੀ, ਯੋਗ ਆਸਨ ਅਤੇ ਪ੍ਰਾਣਾਯਾਮ ਵਰਗੀਆਂ ਗਤਿਵਿਧੀਆਂ ਸ਼ਾਮਲ ਹਨ। ਇਹ ਸਾਰੀਆਂ ਕਿਰਿਆਵਾਂ ਮਰੀਜ਼ਾਂ ਨੂੰ ਤਣਾਅ-ਮੁਕਤ ਕਰਕੇ ਉਨ੍ਹਾਂ ਦੇ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਸੀ.ਐਮ ਯੋਗਸ਼ਾਲਾ  ਤਹਿਤ ਜ਼ਿਲ੍ਹੇ ਵਿੱਚ 234 ਯੋਗਾ ਕਲਾਸਾਂ ਚੱਲ ਰਹੀਆ ਹਨ ਅਤੇ 25 ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ।  ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਦਿਹਾਤੀ ਖੇਤਰ ਵਿਚ 140 ਗ੍ਰਾਮ ਪੰਚਾਇਤਾ ਵਿਚ ਵੀ ਯੋਗ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ, ਜਿਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਕੇ ਆਪਣੇ ਆਪ ਨੂੰ ਨਿਰੋਗ ਬਣਾ ਰਹੇ ਹਨ। ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਫਾਇਦਾ ਹਰ ਵਿਅਕਤੀ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਹੋਰ ਵਸਨੀਕ ਵੀ ਆਪਣੇ ਖੇਤਰ ਵਿੱਚ ਯੋਗਾ ਦੀਆਂ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 76694-00500 ਨੰਬਰ ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਹੱਲੇ ਵਿੱਚ ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਘੱਟੋ-ਘੱਟ 25 ਵਿਅਕਤੀ ਯੋਗਾ ਕਰਨ ਦੇ ਚਾਹਵਾਨ ਹੋਣੇ ਜਰੂਰੀ ਹਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਮੁਫ਼ਤ ਯੋਗਾ ਕਲਾਸਾਂ ਲਈ ਮਾਹਿਰ ਯੋਗ ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੰਦਰੁਸਤ ਤੇ ਨਿਰੋਗ ਜੀਵਨ ਲਈ ਯੋਗਾ ਨਾਲ ਜੁੜਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਉਠਾਉਣ। ਸੀਐਮ ਯੋਗਸ਼ਾਲਾ ਦੇ ਅੰਮ੍ਰਿਤਸਰ ਜ਼ਿਲ੍ਹਾ ਕੋਆਰਡੀਨੇਟਰ ਸੰਜੇ ਸਿੰਘ  ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਨਸ਼ੇ ਤੋਂ ਛੁਟਕਾਰਾ ਨਹੀਂ, ਸਗੋਂ ਨਸ਼ੇ ਦੀ ਗ੍ਰਿਫਤ ਵਿੱਚ ਆਏ ਲੋਕਾਂ ਨੂੰ ਇਕ ਨਵਾਂ ਜੀਵਨ ਦੇਣਾ ਹੈ। ਉਨ੍ਹਾਂ ਨੂੰ ਆਤਮਨਿਰਭਰ ਤੇ ਆਤਮ ਵਿਸ਼ਵਾਸੀ ਬਣਾਕੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਇਸ ਮੁਹਿੰਮ ਦਾ ਟੀਚਾ ਹੈ।ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਵਿੱਚ ਇਕ ਨਵੀਂ ਊਰਜਾ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹ ਇਸ ਪਹਲ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਤੇ ਨਸ਼ੇ ਦੀ ਦੁਨੀਆ ਨੂੰ ਛੱਡ ਕੇ ਆਮ ਜੀਵਨ ਵੱਲ ਵਧ ਰਹੇ ਹਨ।ਸਰਕਾਰ ਦੀ ਇਹ ਪਹਲ ਸਮਾਜ ਲਈ ਇਕ ਸਕਾਰਾਤਮਕ ਸੰਕੇਤ ਹੈ। ਇਸ ਨਾਲ ਨਾ ਸਿਰਫ਼ ਨਸ਼ਾ ਪੀੜਤਾਂ ਨੂੰ ਰਾਹਤ ਮਿਲ ਰਹੀ ਹੈ, ਸਗੋਂ ਪੂਰੇ ਸਮਾਜ ਨੂੰ ਵੀ ਇਕ ਨਵੀਂ ਦਿਸ਼ਾ ਮਿਲ ਰਹੀ ਹੈ।