ਨਿਗਮ ਵਲੋਂ ਲਗਾਏ ਕੈਂਪਾ ਤੋ ਬਾਅਦ ਅਣ ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾ ਨੂੰ ਕਟਣ ਦੀ ਕੀਤੀ ਜਾਵੇਗੀ ਕਾਰਵਾਈ ਸ਼ੁਰੂ, ਇਨਾਂ ਕਨੇਕਸ਼ਨਾ ਨੂੰ ਰੇਗੁਲਰ ਕਰਵਾਉਣ ਅਤੇ ਬਿਨਾ ਵਿਆਜ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਭਰਨ ਦਾ ਸੁਨਿਹਰੀ ਮੌਕਾ

ਅੰਮ੍ਰਿਤਸਰ 23 ਜੂਨ (ACN):- ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਗੁਲਪ੍ਰੀਤ ਸਿੰਘ ਔਲਖ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 30 ਜੂਨ 2025 ਤੱਕ ਪਛੱਮੀ , ਦਖਣੀ , ਉਤਰੀ ਅਤੇ ਪੂਰਬੀ ਹਲਕਿਆਂ ਵਿੱਚ ਅਣ ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾ ਨੂੰ ਰੇਗੁਲਰ ਕਰਵਾਉਣ ਅਤੇ ਬਿਨਾ ਵਿਆਜ ਜੁਰਮਾਨੇ ਦੇ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ  ਭਰਨ  ਲਈ ਕੈਂਪਾ ਦਾ ਆਯੋਜਨ ਕੀਤਾ ਗਿਆ ਹੈ । ਇਸੇ ਕੜੀ ਵਿੱਚ ਅੱਜ ਸ਼ਹਿਰ ਦੇ ਦਖੱਣੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਇਲਾਕੇ ਸੁਲਤਾਨਵਿੰਡ ਪਿੰਡ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਕਾਰਜਕਾਰੀ ਇੰਜੀਨਿਅਰ ਮਨਜੀਤ ਸਿੰਘ , ਨੋਡਲ ਅਫਸਰ ਸਹਾਇਕ ਕਮਿਸ਼ਨਰ ਦਲਜੀਤ ਸਿੰਘ, ਸਕੱਤਰ ਸ਼ੁਸਾਂਤ ਭਾਟੀਆਂ, ਸੁਪਰਡੰਟ ਪ੍ਰਾਪਰਟੀ ਟੈਕਸ ਪ੍ਰਦੀਪ ਕੁਮਾਰ ਸੁਪਰਡੰਟ ਵਾਟਰੇਟ ਸਤਨਾਮ ਸਿੰਘ  ਵਲੋ ਕੀਤੀ ਗਈ । ਅੱਜ ਦੇ ਇਸ ਕੈਂਪ ਵਿੱਚ ਇਲਾਕਾ ਨਿਵਾਸੀਂਆਂ ਵਲੋਂ ਆਪਣੇ ਪਾਣੀ ਸੀਵਰੇਜ ਦੇ ਕਨੇਕਸ਼ਨ ਰੈਗੁਲਰ ਕਰਵਾਉਣ ਲਈ ਫਾਰਮ ਭਰੇ ਗਏ ਅਤੇ ਬਿਨਾ ਵਿਆਜ ਅਤੇ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ ਗਈ ਅੱਜ ਦੇ ਇਸ ਕੈਂਪ ਵਿੱਚ ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੈਕਸ਼ਨਾ ਨੂੰ ਬਣਦੀ ਫੀਸ 1650/- ਰੁਪਏ ਪ੍ਰਤੀ ਕੇਸ ਵਸੂਲ ਕੇ ਰੈਗੁਲਰ ਕਰ ਦਿਤਾ ਗਿਆ ਹੈ ਅਤੇ ਇਸ ਤੋ ਇਲਾਵਾ ਇਲਾਕੇ ਵਿੱਚ ਲੋਕਾਂ ਨੂੰ ਆਪਣੇ ਕਨੈਕਸ਼ਨ ਰੈਗੁਲਰ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਪ੍ਰਾਪਰਟੀ ਟੈਕਸ ਵਿਭਾਗ ਵਲੋਂ  ਪ੍ਰਾਪਰਟੀ ਟੈਕਸ ਵਿਭਾਗ ਜੋ ਅਜ ਤੱਕ ਰਿਟਰਨਾਂ ਭਰੀਆਂ ਗਈਆਂ ਹਨ ਜਿਸ ਤੋ ਤਕਰੀਬਨ 3 ਲੱਖ ਰੁਪਏ ਟੈਕਸ ਦੀ ਵਸੂਲੀ ਹੋਈ ਹੈ । ਇਸ ਮੌਕੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਸਿਆ ਕਿ ਸ਼ਹਿਰ ਦੀਆ ਬਾਹਰਲੀਆਂ ਆਬਾਦੀਆਂ ਵਿੱਚ ਜਾਇਕਾ, ਸਾਊਥ ਈਸਟ ਅਤੇ ਅਮਰੂਤ ਪ੍ਰਾਜੈਕਟ ਅਧੀਨ ਪਾਣੀ / ਸੀਵਰੇਜ ਦੀਆਂ ਪਾਈਪਾਂ  ਵਿਛਾਈਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਸ਼ੁਧ ਪੀਣ ਵਾਲਾ ਪਾਣੀ ਮਿਲ ਸਕੇ ਅਤੇ ਸੀਵਰੇਜ ਦੀ ਸਹੀ ਤਰੀਕੇ ਨਿਕਾਸੀ ਹੋ ਸਕੇ ਜਿਸ ਵਾਸਤੇ ਲੋਕਾਂ ਵਲੋਂ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਲਏ ਗਏ ਸਨ ਪਰ ਇਨਾਂ ਕਨੈਕਸ਼ਨਾ ਨੂੰ ਨਗਰ ਨਿਗਮ ਕੋਲੋ ਪਾਸ ਨਹੀ ਕਰਵਾਇਆ ਗਿਆ ਹੈ ਜਿਸ ਕਰਕੇ ਨਾ ਤੇ ਇਨਾਂ ਘਰਾਂ ਨੂੰ ਕੋਈ ਬਿਲ ਜਾ ਰਿਹਾ ਹੈ ਅਤੇ ਨਾ ਹੀ ਕੋਈ ਰਿਕਵਰੀ ਆ ਰਹੀ ਹੈ ਜਿਸ ਕਰਕੇ ਨਿਗਮ ਨੂੰ ਬੜਾ ਵਿਤੀ ਨੁਕਸਾਨ ਹੋ ਰਿਹਾ ਹੈ । ਇਨਾਂ ਨਜਾਇਜ ਲਗੇ ਕਨੈਕਸ਼ਨਾ ਨੂੰ ਕਟਣ ਦੀ ਕਾਰਵਾਈ ਤੋ ਪਹਿਲਾ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਨਾਂ ਇਲਾਕਿਆਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਬਕਾਇਦਾ ਲੋਕਾਂ ਨੂੰ ਇਨਾਂ ਕੈਪਾਂ ਦਾ ਲਾਭ ਉਠਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦਾ ਲੋਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ । ਇਸ ਤੋ ਇਲਾਵਾ ਸਰਕਾਰ ਦੀ ਵਨ-ਟਾਇਮ ਸੈਟਲਮੈਂਟ ਸਕੀਮ ਅਧੀਨ ਸਰਕਾਰ ਵਲੋਂ ਲਬਿੰਤ ਪਏ ਪ੍ਰਾਪਰਟੀ ਟੈਕਸ ਤੇ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਵੀ 31 ਜੁਲਾਈ 2025 ਦਾ ਹੈ ਜਿਸ ਦਾ ਇਨਾਂ ਕੈਂਪਾ ਵਿੱਚ ਸ਼ਾਮਲ ਹੋ ਕੇ ਭਰਪੂਰ ਲਾਭ ਉਠਾਇਆ ਜਾ ਸਕਦਾ ਹੈ ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਨਗਰ ਨਿਗਮ ਵਲੋ ਲਗਾਏ ਜਾ ਰਹੇ ਇਹਨਾ ਕੈਂਪਾ ਦਾ ਭਰਪੂਰ ਲਾਭ ਉਠਾਊਣ ਅਤੇ ਅਣ ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾ ਨੂੰ ਰੇਗੁਲਰ ਕਰਵਾਉਣ ਤਾਂ ਜੋ ਇਨਾਂ ਕਨੈਕਸ਼ਨਾ ਨੂੰ ਕਟਣ ਵਾਲੀ ਕਾਰਵਾਈਆਂ ਤੋ ਬਚਿਆਂ ਜਾ ਸਕੇ ਅਤੇ ਬਿਨਾ ਵਿਆਜ ਜੁਰਮਾਨੇ ਦੇ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ ਭਰਨ ।