ਅੰਮ੍ਰਿਤਸਰ, 8 ਜੁਲਾਈ (ACN):- ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੀਤੀ ਗਈ ਪਹਿਲ ਕਦਮੀ ਦੇ ਚੱਲਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਹਿਲੇ ਪੜਾਅ ਵਿੱਚ ਜਿਲ੍ਹੇ ਦੀਆਂ 41 ਸੜਕਾਂ ਵੱਖ-ਵੱਖ ਅਧਿਕਾਰੀਆਂ ਨੂੰ ਨਜ਼ਰਸਾਨੀ ਲਈ ਅਲਾਟ ਕਰ ਦਿੱਤੀਆਂ ਹਨ। ਅੱਜ ਇਸ ਸੜਕ ਸੁੰਦਰੀਕਰਨ ਮੁਹਿੰਮ ਤਹਿਤ ਪਲੇਠੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰੇਕ ਅਲਾਟ ਕੀਤੀ ਗਈ ਸੜਕ ਉੱਤੇ ਰੋਜ਼ਾਨਾ ਖ਼ੁਦ ਜਾਣ, ਨਾ ਕਿ ਆਪਣੇ ਕਿਸੇ ਹੋਰ ਜੂਨੀਅਰ ਅਧਿਕਾਰੀ ਨੂੰ ਭੇਜਣ। ਉਹਨਾਂ ਕਿਹਾ ਕਿ ਸੜਕਾਂ ਉੱਤੇ ਖੱਡੇ, ਸੀਵਰੇਜ ਦੇ ਢੱਕਣ, ਪਲਾਂਟੇਸ਼ਨ ਦਾ ਕੰਮ, ਸਟਰੀਟ ਲਾਈਟਾਂ , ਰੋਡ ਮਾਰਕਿੰਗ ਜਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ, ਸੜਕ ਉੱਤੇ ਖਿਲਰਿਆ ਇਮਾਰਤ ਉਸਾਰੀ ਦਾ ਸਮਾਨ ਜਿਵੇਂ ਕਿ ਰੇਤਾ, ਬਜਰੀ ਆਦਿ ਦੇ ਕੰਮ ਨੋਟ ਕਰਕੇ ਰੋਜ਼ਾਨਾ ਗੂਗਲ ਸ਼ੀਟ ਉੱਤੇ ਭਰਨ। ਉਹਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਆਪਣੇ ਕੋਲੋਂ ਜਾਂ ਆਪਣੇ ਵਿਭਾਗ ਵਿੱਚੋਂ ਕੋਈ ਪੈਸਾ ਨਹੀਂ ਲਗਾਉਣਾ ਸਿਰਫ ਨਜ਼ਰਸਾਨੀ ਕਰਨੀ ਹੈ ਤਾਂ ਜੋ ਉਸ ਸੜਕ ਨਾਲ ਸਬੰਧਤ ਜ਼ਿੰਮੇਵਾਰ ਵਿਭਾਗ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਕਾਰਪੋਰੇਸ਼ਨ, ਅੰਮ੍ਰਿਤਸਰ ਵਿਕਾਸ ਅਥੋਰਟੀ ਜਾਂ ਜਿਸ ਵੀ ਵਿਭਾਗ ਦੀ ਉਹ ਸੜਕ ਹੈ, ਉਹ ਉਸ ਸੜਕ ਦਾ ਕੰਮ ਪੂਰਾ ਕਰ ਸਕੇ। ਉਹਨਾਂ ਸੰਬੰਧਿਤ ਵਿਭਾਗ ਜਿਨਾਂ ਦੀਆਂ ਸੜਕਾਂ ਹਨ, ਨੂੰ ਵੀ ਹਿਦਾਇਤ ਕੀਤੀ ਕਿ ਉਹ ਉਕਤ 41 ਸੜਕਾਂ ਦੇ ਨੋਡਲ ਅਧਿਕਾਰੀ ਨਿਯੁਕਤ ਕਰਨ ਤਾਂ ਜੋ ਸਬੰਧਤ ਅਧਿਕਾਰੀ ਕਿਸੇ ਵੀ ਲੋੜ ਜਾਂ ਸਹਾਇਤਾ ਲਈ ਉਸ ਨੋਡਲ ਅਧਿਕਾਰੀ ਨਾਲ ਸੰਪਰਕ ਕਰ ਸਕੇ। ਉਹਨਾਂ ਕਿਹਾ ਕਿ ਅਸੀਂ ਪਹਿਲੇ ਪੜਾਅ ਵਿੱਚ ਸ਼ਹਿਰਾਂ ਤੇ ਕਸਬਿਆਂ ਦੀਆਂ ਮੁੱਖ ਸੜਕਾਂ ਹੀ ਸੁੰਦਰੀਕਰਨ ਲਈ ਲਈਆਂ ਹਨ। ਇਸ ਤੋਂ ਅੱਗੇ ਦੂਸਰੇ ਪੜਾਅ ਵਿੱਚ ਹੋਰ ਸੜਕਾਂ ਸ਼ਾਮਿਲ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਦਾ ਸੀਜਨ ਚੱਲ ਰਿਹਾ ਹੈ, ਸੋ ਪਹਿਲ ਦੇ ਅਧਾਰ ਉੱਤੇ ਸੜਕਾਂ ਵਿੱਚ ਪਏ ਟੋਏ ਅਤੇ ਸੜਕਾਂ ਦੇ ਕਿਨਾਰੇ ਪਲਾਂਟੇਸ਼ਨ ਕਰਵਾਉਣ ਦਾ ਕੰਮ ਵੇਖਣ, ਜਿੱਥੇ ਵੀ ਲੋੜ ਹੈ ਇਸ ਕੰਮ ਨੂੰ ਪੂਰਾ ਕੀਤਾ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸਹਾਇਕ ਕਮਿਸ਼ਨਰ ਮੈਡਮ ਪਿਯੁਸਾ਼, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ, ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਜੈਵੀਰ ਸਿੰਘ, ਐਸਡੀਐਮ ਮਨਕੰਵਲ ਸਿੰਘ ਚਾਹਲ, ਐਸਡੀਐਮ ਰਵਿੰਦਰ ਸਿੰਘ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰੀ ਸ੍ਰੀਮਤੀ ਅਨਾਇਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।