ਬਾਬਾ ਭੂਰੀ ਵਾਲਿਆਂ ਵਲੋਂ ਸਰਕਾਰੀ ਥਾਂ ਤੇ ਨਜਾਇਜ਼ ਕਬਜੇ ਦੀ ਨੀਯਤ ਨਾਲ ਕੀਤੀ ਗਈ ਦੀਵਾਰ ਅਤੇ ਪਾਣੀ ਦਾ ਬੋਰ, ਨਿਗਮ ਕਮਿਸ਼ਨਰ ਵਲੋਂ ਅਸਟੇਟ ਅਫਸਰ ਨੂੰ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਗਏ ਹੁਕਮ

ਅੰਮ੍ਰਿਤਸਰ 9 ਜੂਨ (ACN):- ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਸੰਯੁਕਤ ਕਮਿਸ਼ਨਰ ਡਾ. ਜੈ ਇੰਦਰ ਸਿੰਘ ਵਲੋਂ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਸਥਿਤ ਸਰਕਾਰੀ ਥਾਂ ਦਾ ਔਚਕ ਨਰਿੱਖਣ ਕੀਤਾ ਗਿਆ। ਇਸ ਥਾਂ ਤੇ ਪਹਿਲਾਂ ਵੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਬਾਬਾ ਭੂਰੀ ਵਾਲਿਆਂ ਵਲੋਂ ਸਰਕਾਰੀ ਥਾਂ ਨਜਾਇਜ਼ ਕਬਜਾ ਕਰਨ ਸਬੰਧੀ ਸ਼ਿਕਾਇਤਾਂ ਆਈਆਂ ਸਨ ਅਤੇ ਅੱਜ ਇਸੇ ਥਾਂ ਦਾ ਜਦੋਂ ਸੰਯੁਕਤ ਕਮਿਸ਼ਨਰ ਦੀ ਟੀਮ ਵਲੋਂ ਮੌਕਾ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਚੇਤਾਵਨੀ ਦੇਣ ਦੇ ਬਾਵਜੂਦ ਬਾਬਾ ਭੂਰੀ ਵਾਲਿਆਂ ਵਲੋਂ ਉਸਾਰੀ ਦਾ ਕੰਮ ਚਾਲੂ ਰੱਖਿਆ ਗਿਆ ਹੈ ਅਤੇ ਸਰਕਾਰੀ ਥਾਂ ਨੂੰ ਕਬਜ਼ਾ ਕਰਨ ਲਈ ਦੀਵਾਰ ਵੀ ਕਰ ਦਿੱਤੀ ਗਈ ਹੈ ਅਤੇ ਮੌਕੇ ਤੇ ਪਾਣੀ ਦਾ ਬੋਰ ਵੀ ਕੀਤਾ ਜਾ ਰਿਹਾ ਸੀ ਮੌਕੇ ਤੇ ਬਾਬਾ ਭੂਰੀ ਵਾਲਿਆਂ ਦੀ ਬੋਲੇਰੋ ਗੱਡੀ ਵੀ ਖੜੀ ਪਾਈ ਗਈ। ਸੰਯੁਕਤ ਕਮਿਸ਼ਨਰ ਦੀ ਟੀਮ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਿਧਾਵਨ ਅਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਵੀ ਨਾਲ ਸਨ। ਮੌਕੇ ਤੇ ਸੰਯੁਕਤ ਕਮਿਸ਼ਨਰ ਵਲੋਂ ਅਸਟੇਟ ਅਫਸਰ ਨੂੰ ਬਾਬਾ ਭੂਰੀ ਵਾਲਿਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਅਰੰਭ ਕੇ ਨਜ਼ਾਇਜ ਬਣੀ ਦੀਵਾਰ ਨੂੰ ਢਾਓਣ ਦੇ ਹੁਕਮ ਕੀਤੇ ਗਏ ਅਤੇ ਨਾਲ ਹੀ ਮੌਕੇ ਤੇ ਉਸਾਰੀ ਕਰਤਾਵਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਗਿਆ। ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਭੂਰੀ ਵਾਲੇ ਇੱਕ ਧਾਰਮਿਕ ਸੰਸਥਾ ਹੈ ਪਰ ਅਜੇਹੀ ਸੰਸਥਾ ਵਲੋਂ ਸਰਕਾਰੀ ਥਾਂ ਤੇ ਨਜ਼ਾਇਜ ਕਬਜ਼ਾ ਕਰਨ ਵਾਲੀ ਕਾਰਵਾਈ ਕਰਨਾ ਬੜਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਆਈ ਸ਼ਿਕਾਇਤ ਦੇ ਅਧਾਰ ਤੇ ਉਹਨਾਂ ਵਲੋਂ ਸਰਕਾਰੀ ਥਾਂ ਵਾਲੇ ਪਾਸੇ ਉਕਤ ਸੰਸਥਾ ਵਲੋਂ ਬਣਾਈਆਂ ਗਈਆਂ ਨਜ਼ਾਇਜ ਪੌੜੀਆਂ ਨੂੰ ਢਾਓਣ ਲਈ ਕਿਹਾ ਗਿਆ ਸੀ ਅਤੇ ਅਗੋਂ ਉਸਾਰੀ ਨਾ ਕਰਨ ਲਈ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਇਸ ਸੰਸਥਾ ਵਲੋਂ ਸਰਕਾਰੀ ਹੁਕਮਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਸਗੋਂ ਸਰਕਾਰੀ ਜਗ੍ਹਾ ਤੇ ਨਜ਼ਾਇਜ ਕਬਜ਼ਾ ਕਰਨ ਖਾਤਰ ਦੀਵਾਰ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਨਜ਼ਾਇਜ ਤੌਰ ਤੇ ਸਰਕਾਰੀ ਥਾਂ ਤੇ ਪਾਣੀ ਦਾ ਬੋਰ ਕੀਤਾ ਜਾ ਰਿਹਾ ਹੈ ਜਿਸ ਨੂੰ ਤੁਰੰਤ ਰੁਕਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸਟੇਟ ਅਫਸਰ ਨੂੰ ਬਾਬਾ ਭੂਰੀ ਵਾਲਿਆਂ ਵਿਰੁੱਥ ਜਲਦ ਤੋ ਜਲਦ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਨਜ਼ਾਇਜ ਉਸਾਰੀ ਨੂੰ ਢਾਓਣ ਦੇ ਹੁਕਮ ਦੇ ਦਿੱਤੇ ਗਏ ਹਨ।