ਅੰਮ੍ਰਿਤਸਰ 2 ਜੁਲਾਈ (ACN):- ਵਿੱਤ ਮੰਤਰਾਲਾ, ਭਾਰਤ ਸਰਕਾਰ ਵੱਲੋਂ 1 ਜੁਲਾਈ ਤੋਂ 30 ਸਤੰਬਰ 2025 ਤੱਕ ਦੇਸ਼ ਪੱਧਰ ‘ਤੇ ਇੱਕ ਤਿੰਨ ਮਹੀਨਿਆਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਹਰ ਜ਼ਿਲ੍ਹੇ ਦੀ ਹਰ ਗ੍ਰਾਮ ਪੰਚਾਇਤ ਪੱਧਰ ‘ਤੇ ਵਿੱਤੀ ਸ਼ਾਮਿਲਤਾ ਯੋਜਨਾਵਾਂ ਦੀ ਭਰਪੂਰ ਰੂਪ ਵਿੱਚ ਲਾਗੂਬੰਦੀ ਨੂੰ ਯਕੀਨੀ ਬਣਾਉਣਾ ਹੈ। ਇਸ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿੱਚ ਇਕ ਵਿਸ਼ੇਸ਼ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਅਗਵਾਈ ਸ੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤੀ ਗਈ। ਇਹ ਮੀਟਿੰਗ ਵਿੱਚ ਪੇਂਡੂ ਪੱਧਰ ਤੱਕ ਲੱਗਣ ਵਾਲੇ ਕੈਂਪਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੀ ਚੀਫ ਐਲ.ਡੀ.ਐੱਮ. ਮਿਸ ਅਪਰਣਾ ਸ਼ਰਮਾ ਨੇ ਦੱਸਿਆ ਕਿ ਇਨਾਂ ਕੈਂਪਾਂ ਦਾ ਮੁੱਖ ਉਦੇਸ਼ ਸਾਮਾਜਿਕ ਸੁਰੱਖਿਆ ਯੋਜਨਾ ਤਹਿਤ ਘਰ ਘਰ ਵਿਖੇ ਬੈਂਕਿੰਗ ਸੁਵਿਧਾਵਾਂ ਨੂੰ ਪਹੁੰਚਾਉਣਾ ਹੈ ਅਤੇ ਲੋਕਾਂ ਨੂੰ ਸਾਈਬਰ ਕਰਾਈਮ ਸਬੰਧੀ ਜਾਣਕਾਰੀ ਦੇਣਾ ਹੈ। ਉਨਾਂ ਦੱਸਿਆ ਕਿ ਪੇਂਡੂ ਪੱਧਰ ਤੱਕ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਆਪਣੇ ਬੈਂਕ ਖਾਤਿਆਂ ਦੀ ਨਾਮਿਨੀ ਜ਼ਰੂਰ ਕਰਵਾਉਣ ਤਾਂ ਜੋ ਉਨਾਂ ਦੇ ਪਰਿਵਾਰਾਂ ਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਖਜਲ ਖੁਆਰੀ ਪੇਸ਼ ਨਾ ਆਵੇ। ਮਿਸ ਅਪਰਣਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੀ ਹਰ ਗ੍ਰਾਮ ਪੰਚਾਇਤ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਹੇਠ ਲਿਖੀਆਂ ਯੋਜਨਾਵਾਂ ਲਈ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਜਿਵੇਂ ਕਿ PMSBY, PMJJBY, APY ਅਤੇ PMJDY ਅਤੇ ਇਸਦੇ ਇਲਾਵਾ ਮੁਹਿੰਮ ਹੇਠ ਡਿਜੀਟਲ ਫ੍ਰੌਡ ਰੋਕਥਾਮ, Re-KYC, ਦਾਅਵਿਆਂ ਦੀ ਵੰਡ ਅਤੇ ਖਾਤਿਆਂ ਵਿੱਚ ਨਾਮਜ਼ਦਗੀ ਦੀ ਅਪਡੇਟ ਉੱਤੇ ਵੀ ਧਿਆਨ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਉਮੇਸ਼ਨਾਥ ਜੇਤਲੀ ਵਿੱਤੀ ਸਾਖਰਤਾ ਸਲਾਹਕਾਰ ਨੇ ਦੱਸਿਆ ਕਿ ਲੋਕਾਂ ਵਲੋਂ ਆਪਣੇ ਬੈਂਕ ਖਾਤਿਆਂ ਦੀ ਨਾਮਿਨੀ ਨਾ ਕਰਵਾਉਣ ਕਰਕੇ ਬੈਂਕਾਂ ਵਿੱਚ 72 ਹਜ਼ਾਰ ਕਰੋੜ ਰੁਪਏ ਬੰਦੇ ਖਾਤਿਆਂ ਵਿੱਚ ਪਏ ਹੋਏ ਹਨ। ਉਨਾਂ ਦੱਸਿਆ ਕਿ ਆਰ.ਬੀ.ਆਈ. ਵਲੋਂ ਉਦਗਮ ਨਾਂ ਦਾ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ਤੇ ਜਾ ਕੇ ਲੋਕ ਆਪਣੇ ਪਾਰਿਵਾਰਿਕ ਮੈਂਬਰਾਂ ਦੇ ਖਾਤਿਆਂ ਵਿੱਚ ਪਈ ਰਾਸ਼ੀ ਦਾ ਪਤਾ ਲਗਾ ਸਕਦੇ ਹਨ। ਉਨਾਂ ਦੱਸਿਆ ਕਿ ਕਈ ਵਾਰ ਕੁੱਝ ਬਜ਼ਰੁਗਾਂ ਦੀ ਆਚਾਨਕ ਮੌਤ ਹੋਣ ਕਰਕੇ ਉਨਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਬੈਂਕ ਖਾਤਿਆਂ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਜਾਂ ਬੈਂਕ ਦੀ ਕਾਪੀ ਗੁੰਮ ਹੋਣ ਦੀ ਸੂਰਤ ਵਿੱਚ ਉਹ ਰਾਸ਼ੀ ਬੰਦ ਖਾਤਿਆਂ ਵਿੱਚ ਪਈ ਰਹਿੰਦੀ ਹੈ। ਉਨਾਂ ਕਿਹਾ ਕਿ ਲੋਕ ਇਸ ਪੋਰਟਲ ਰਾਹੀਂ ਉਹ ਰਾਸ਼ੀ ਬੈਂਕ ਤੋਂ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਆ ਕਿ ਕਈ ਲੋਕਾਂ ਦੇ ਬੈਂਕਾਂ ਵਿੱਚ ਦੁਰਘਟਨਾ ਜੀਵਨ ਬੀਮਾ ਦੀ ਪਾਲਿਸੀ ਹੁੰਦੀ ਹੈ ਪਰੰਤੂ ਉਹ ਆਪਣੇ ਕਿਸੇ ਪਾਰਿਵਾਰਿਕ ਮੈਂਬਰ ਦੀ ਦੁਰਘਟਨਾ ਹੋਣ ਤੇ ਉਸਦੀ ਐਫ.ਆਈ.ਆਰ. ਜਾਂ ਪੋਸਟਮਾਰਟਮ ਨਹੀਂ ਕਰਵਾਉਂਦੇ ਜਿਸ ਕਰਕੇ ਦੁਰਘਟਨਾ ਦੌਰਾਨ ਮੌਤ ਦੇ ਕੇਸਾਂ ਵਿੱਚ ਬੈਂਕਾਂ ਵਲੋਂ ਦੁਰਘਟਨਾ ਬੀਮਾ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਦੁਰਘਟਨਾ ਵਿਚ ਕਿਸੇ ਪਾਰਿਵਾਰਿਕ ਮੈਂਬਰਾਂ ਦੀ ਮੌਤ ਹੋਣ ਤੇ ਐਫ.ਆਈ.ਆਰ .ਅਤੇ ਪੋਸਟਮਾਰਟਮ ਜ਼ਰੂਰ ਕਰਵਾਇਆ ਜਾਵੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਪਰਮਜੀਤ ਕੌਰ ਨੇ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਵਲੋਂ ਬੈਂਕਾਂ ਨੂੰ ਪਿੰਡਾਂ ਵਿੱਚ ਕੈਂਪ ਲਗਾਉਣ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੈਂਕਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਮੁਹੱਈਆ ਹਾਸਿਲ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਸ੍ਰੀ ਵਿਨੈ ਕੁਮਾਰ ਸਟੇਟ ਬੈਂਕ ਆਫ਼ ਇੰਡੀਆ ਤੋਂ ਮਹੇਸ਼ ਕੁਮਾਰ, ਬੈਂਕ ਆਫ ਬੜੌਦਾ ਤੋਂ ਵਿਕਾਸ ਗਿਰੀ, ਕੈਨਰਾ ਬੈਂਕ ਤੋਂ ਦੀਪਿਕਾ , ਜੇ .ਕੇ. ਬੈਂਕ ਤੋਂ ਅਸੀਮ ਗੁਪਤਾ, ਇੰਡੀਅਨ ਬੈਂਕ ਤੋਂ ਜੋਤੀਕਾ ਜੋਸ਼ੀ ਤੋਂ ਇਲਾਵਾ ਹੋਰ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।