ਅੰਮ੍ਰਿਤਸਰ, 16 ਜੂਨ (ACN):- ਸ਼ਹਿਰੀ ਆਵਾਜਾਈ ਅਤੇ ਸਪਲਾਈ ਚੇਨ ਨੂੰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ “ਲੌਜਿਸਟਿਕਸ ਪਲੈਨ” ਬਨਾਉਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਅਜਿਹੀ ਯੋਜਨਾਬੰਦੀ ਕੀਤੀ ਜਾਵੇ ਜਿਸ ਦਾ ਉਦੇਸ਼ ਸਾਮਾਨ ਦੀ ਆਵਾਜਾਈ ਨੂੰ ਅਨੁਕੂਲ ਬਣਾਉਣਾ, ਆਵਾਜਾਈ ਦੀ ਭੀੜ ਨੂੰ ਘਟਾਉਣਾ ਅਤੇ ਵਾਤਾਵਰਣ ਉਤੇ ਪੈਣ ਵਾਲੇ ਨਾਂਹ ਪੱਖੀ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਨਵੀਂ ਯੋਜਨਾਬੰਦੀ ਲਈ ਲੌਜਿਸਟਿਕਸ ਮਾਹਰਾਂ, ਸਥਾਨਕ ਕਾਰੋਬਾਰੀਆਂ, ਆਵਾਜਾਈ ਅਧਿਕਾਰੀਆਂ, ਟਰੈਫਿਕ ਪੁਲਿਸ, ਹੋਟਲ ਐਸੋਸੀਏਸ਼ਨ, ਰੇਲਵੇ ਅਤੇ ਵਾਤਾਵਰਣ ਯੋਜਨਾਕਾਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਸ਼ਹਿਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਧੀਆ ਲੋਜਿਸਟਿਕ ਯੋਜਨਾਬੰਦੀ ਬੇਹੱਦ ਜਰੂਰੀ ਹੈ ਅਤੇ ਸਾਡੀ ਕੋਸ਼ਿਸ਼ ਇਸ ਲਈ ਬਿਹਤਰ ਯੋਜਨਾ ਉਲੀਕਣ ਦੀ ਹੈ। ਉਨਾਂ ਇਸ ਲਈ ਸ਼ਹਿਰ ਦੇ ਅੰਦਰ ਆਵਾਜਾਈ ਨੂੰ ਨਿਯੰਤਰ ਕਰਨ ਲਈ ਮਾਲ ਢੋਆ-ਢੁਆਈ ਕੇਂਦਰਾਂ ਦੀ ਸਥਾਪਨਾ, ਸਮਾਰਟ ਡਿਲੀਵਰੀ ਸ਼ਡਿਊਲ ਬਨਾਉਣ, ਸੜਕੀ ਭੀੜ ਨੂੰ ਘੱਟ ਕਰਨ ਲਈ ਆਫ-ਪੀਕ ਡਿਲੀਵਰੀ ਲਈ ਸਮਾਂ ਤੈਅ ਕਰਨ, ਵਿੰਡੋ-ਅਧਾਰਤ ਡਿਲੀਵਰੀ ਸਲਾਟਾਂ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਸ ਲਈ ਈਕੋ-ਫ੍ਰੈਂਡਲੀ ਟ੍ਰਾਂਸਪੋਰਟ, ਡਿਜੀਟਲ ਬੁਨਿਆਦੀ ਢਾਂਚਾ, ਕੁਸ਼ਲ ਯੋਜਨਾਬੰਦੀ ਅਤੇ ਘੱਟ ਸੰਚਾਲਨ ਦੇਰੀ ਲਈ ਰੀਅਲ-ਟਾਈਮ ਟਰੈਕਿੰਗ, ਡੇਟਾ ਵਿਸ਼ਲੇਸ਼ਣ, ਅਤੇ ਰੂਟ ਅਨੁਕੂਲਨ ਸਾਧਨਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ “ਇਹ ਪਹਿਲਕਦਮੀ ਸਾਡੇ ਵੱਧ ਰਹੇ ਸ਼ਹਿਰ ਵਿੱਚ ਸਾਮਾਨ ਦੀ ਆਵਾਜਾਈ ਦੇ ਪ੍ਰਬੰਧਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ, ਤਾਲਮੇਲ ਵਾਲਾ ਲੌਜਿਸਟਿਕਸ ਨੈੱਟਵਰਕ ਆਰਥਿਕ ਉਤਪਾਦਕਤਾ ਅਤੇ ਜੀਵਨ ਦੀ ਗੁਣਵੱਤਾ ਲਈ ਬਹੁਤ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਆਪਣੇ ਸ਼ਹਿਰ ਨੂੰ ਚੁਸਤ, ਸਾਫ਼-ਸੁਥਰਾ ਅਤੇ ਵਧੇਰੇ ਕੁਸ਼ਲ ਬਣਾਉਣਾ ਅਤੇ ਇਸ ਲਈ ਕੰਮ ਕੀਤਾ ਜਾਵੇ। ਇਸ ਮੌਕੇ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜਨਰਲ ਮੈਨੇਜਰ ਸਨਤ ਸ੍ਰੀ ਮਾਨਵਜੀਤ ਸਿੰਘ, ਜ਼ਿਲਾ ਫੂਡ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।