ਅਜਨਾਲਾ/ਅੰਮ੍ਰਿਤਸਰ,17 ਜੂਨ(ACN):- ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੀਆਂ 179 ਗ੍ਰਾਮ ਪੰਚਾਇਤਾਂ ਰਾਹੀਂ ਨਸ਼ਿਆਂ ਦਾ ਪਿੰਡ ਪੱਧਰ ਤੇ ਜ਼ਮੀਨੀ ਪੱਧਰ ਤੇ ਯੋਜਨਾਬੱਧ ਢੰਗ ਨਾਲ ਖਾਤਮਾ ਕਰਨ ਲਈ ਬਕਾਇਦਾ ਅੱਜ ਤੋਂ ਹਲਕੇ ਅਧੀਨ ਆਉਂਦੇ ਬਲਾਕ ਅਜਨਾਲਾ, ਬਲਾਕ ਰਮਦਸ ਤੇ ਬਲਾਕ ਹਰਸ਼ਾ ਛੀਨਾ ਦੇ ਬਲਾਕ ਵਿਕਾਸ ਪੰਚਾਇਤ ਅਫ਼ਸਰਾਂ, ਪੰਚਾਇਤ ਅਫਸਰਾਂ, ਗ੍ਰਾਮ ਸੇਵਕਾਂ ਤੇ ਪੰਚਾਇਤ ਸਕੱਤਰਾਂ ਨੂੰ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਅਧਿਕਾਰੀ ਤੇ ਕਰਮਚਾਰੀ ਇਹ ਪ੍ਰੀਕ੍ਰਿਆ 30 ਜੂਨ ਤੱਕ ਮੁਕੰਮਲ ਕਰਨਗੇ। ਅੱਜ ਇਥੇ ਇਹ ਐਲਾਨ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੁੱਝ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਹੱਲ ਕੱਢਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੁਰਾਣੀਆਂ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਵਲੋਂ ਰੰਗਲੇ ਪੰਜਾਬ ਦੀ ਬਰਬਾਦੀ ਲਈ ਨਸ਼ਿਆਂ ਦੇ ਅੰਨ੍ਹੇ ਪਸਾਰ ਲਈ ਲਿਖੀ ਤਕਦੀਰ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਮੁੜ ਰੰਗਲੇ ਪੰਜਾਬ ਲਈ ਪੇਂਡੂ ਤੇ ਸ਼ਹਿਰੀ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੀ ਜੜ੍ਹ ਪੁੱਟ ਕੇ ਲਿਖਣ ਲਈ ਵਚਨਬੱਧ ਹੈ ਅਤੇ ਇਸੇ ਵਚਨਬੱਧਤਾ ਤਹਿਤ ਯੁੱਧ ਨਸ਼ਿਆ ਵਿਰੁੱਧ, ਨਸ਼ਾ ਵਿਰੋਧੀ ਯਾਤਰਾਵਾਂ ਦੇ ਸਹੁੰ ਚੁੱਕ ਸਮਾਗਮ ਦੇ ਨਾਲ ਹੁਣ ਪਿੰਡ ਪੱਧਰ ਤੇ ਇਜਲਾਸ ਚ ਗ੍ਰਾਮ ਸਭਾਵਾਂ ਕਰਨ ਦੀ ਸੂਬੇ ਭਰ ਚ ਅੱਜ ਤੋਂ ਮੁਹਿੰਮ ਵਿੱਢ ਦਿੱਤੀ ਗਈ ਹੈ। ਮੰਤਰੀ ਧਾਲੀਵਾਲ ਨੇ ਦੱਸਿਆ ਕਿ ਇਜਲਾਸ ਕ ਗ੍ਰਾਮ ਸਭਾਵਾਂ ਦੇ ਮੈਂਬਰਾਂ ਕੋਲੋ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਿਆਂ ਦਾ ਗੰਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ, ਇਹਨਾਂ ਅਨਸਰਾਂ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ, ਵਾਹਨਾਂ ਕੀਤੀ ਜਾਂਦੀ ਵਰਤੋਂ, ਨਸ਼ਾ ਵਿਕਣ ਦੇ ਅੱਡੇ, ਨਸ਼ੇੜੀਆਂ ਆਦਿ ਤੋਂ ਇਲਾਵਾ ਨਸ਼ਿਆਂ ਦੇ ਤਸਕਰਾਂ ਵਿਰੁੱਧ ਪੁਲਿਸ ਦੀ ਭੂਮਿਕਾ ਆਦਿ ਬਾਰੇ ਵੀ ਗੁਪਤ ਜਾਣਕਾਰੀ ਹਾਸਿਲ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਕਾਇਦਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਤਾਂ ਜੋ ਪਿੰਡ ਪੱਧਰ ਤੇ ਵੀ ਨਸ਼ਾ ਤਸਕਰਾਂ, ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਵਾਲੇ ਲੋਕਾਂ ਤੇ ਪੁਲਿਸ ਦਾ ਨੈੱਟਵਰਕ ਤੋੜਿਆ ਜਾਵੇ। ਮੰਤਰੀ ਧਾਲੀਵਾਲ ਨੇ ਸਿਹਤਮੰਦ ਸਮਾਜ ਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਗ੍ਰਾਮ ਸਭਾਵਾਂ ਦੇ ਮੈਂਬਰਾਂ ਨੂੰ ਇਜਲਾਸ ਚ ਉਤਸ਼ਾਹ ਨਾਲ ਸ਼ਮੂਲੀਅਤ ਕਰਨ ਅਤੇ ਨਸ਼ਿਆਂ ਦੇ ਖਾਤਮੇ ਦੇ ਮੰਤਵ ਲਈ ਇਜਲਾਸ ਚ ਮਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੱਚੀ ਤੇ ਸੁੱਚੀ ਜਾਣਕਾਰੀ ਦੇਣ ਲਈ ਮੁਕੰਮਲ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ ਆਦਿ ਹਾਜ਼ਿਰ ਸਨ।