ਅੰਮ੍ਰਿਤਸਰ, 25 ਮਈ(ACN):- ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਪਣੇ ਹਲਕੇ ਦੇ ਪਿੰਡਾਂ ਛਾਪਾ ਰਾਮ ਸਿੰਘ, ਲਾਲਕਾ ਨਗਰ, ਫਤਿਹਪੁਰ ਰਾਜਪੂਤਾਂ, ਨਾਜੋਆਣੀ, ਗੁਨੋਵਾਲ ਵਿਖੇ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਪਵਿੱਤਰ ਧਰਤੀ ਉੱਤੇ ਨਸ਼ੇ ਦੀ ਤਸਕਰੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਚਾਹੇ ਕਿੰਨੀ ਵੀ ਤਾਕਤ ਰੱਖਦੇ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਦਾ ਅੰਤ ਜੇਲ੍ਹਾਂ ਵਿੱਚ ਹੀ ਹੋਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸਿੱਧਾ ਸੁਨੇਹਾ ਹੈ ਕਿ ਨਸ਼ਾ ਵੇਚਣ ਵਾਲੇ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਜਾਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਮੁੱਚੀ ਲੀਡਰਸ਼ਿਪ ਇਸ ਗੱਲ ਲਈ ਦ੍ਰਿੜ ਹੈ ਕਿ ਨਸ਼ਾ ਤਸਕਰੀ ਵਾਲੇ ਦੀ ਕੋਈ ਸਿਫਾਰਸ਼ ਨਹੀਂ ਕਰੇਗਾ। ਉਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੋ ਵਿਅਕਤੀ ਨਸ਼ਾ ਕਰਦੇ ਹਨ ਉਹ ਇਸ ਰੋਗ ਦੇ ਪੀੜਤ ਹਨ, ਉਹਨਾਂ ਨਾਲ ਵਿਤਕਰਾ ਨਾ ਕਰੋ, ਉਹਨਾਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਓ, ਜਿੱਥੇ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਉਸ ਦਾ ਸਾਰਾ ਖਰਚ ਕਰੇਗੀ।ਕੈਬਨਿਟ ਮੰਤਰੀ ਨੇ ਸਾਰੇ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸਹੁੰ ਵੀ ਚੁਕਾਈ ਕਿ ਉਹ ਨਾ ਤਾਂ ਨਸ਼ਾ ਵੇਚਣਗੇ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਖੇਡ ਉਨਾ ਚਿਰ ਹੀ ਸੀ ਜਿੰਨਾ ਚਿਰ ਤੁਸੀਂ ਡਟੇ ਨਹੀਂ ਸੀ, ਅੱਜ ਤੁਸੀਂ ਜਾਗ ਗਏ ਹੋ ਤਾਂ ਹੁਣ ਇਹਨਾਂ ਨੂੰ ਇਹ ਕੰਮ ਛੱਡਣਾ ਪਵੇਗਾ ਨਹੀਂ ਤਾਂ ਇਹਨਾਂ ਨੂੰ ਜੇਲ ਜਾਣਾ ਪਵੇਗਾ। ਇਸ ਮੌਕੇ ਪਿੰਡਾਂ ਦੇ ਮੋਹਤਬਰਾਂ ਤੋਂ ਇਲਾਵਾ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅਤੇ ਬੜੇ ਉਤਸ਼ਾਹ ਦੇ ਨਾਲ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਭਾਗ ਲਿਆ।