ਈ:ਟੀ:ਓ ਵੱਲੋਂ  82 ਲੱਖ ਰੁਪਏ ਦੀ ਲਾਗਤ ਨਾਲ ਵੈਟਨਰੀ ਹਸਪਤਾਲ ਅਤੇ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ

ਅੰਮ੍ਰਿਤਸਰ, 31 ਮਈ (ACN):- ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਹਲਕੇ ਜੰਡਿਆਲਾ ਗੁਰੂ ਵਿੱਚ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਅਧੀਨ ਸ਼ਹੀਦ ਸਰਬਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਤਰਸਿੱਕਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕਿਲਾ ਜੀਵਨ ਸਿੰਘ ਵਾਲਾ ਵਿੱਚ ਲਗਭਗ 55 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਤਰਸਿੱਕਾ ਸਕੂਲ ਵਿੱਚ ਗਏ ਸਨ, ਜਿੱਥੇ ਉਹਨਾਂ ਨੇ  ਅਧਿਆਪਕਾਂ ਕੋਲੋਂ ਸਕੂਲ ਦੀਆਂ ਲੋੜਾਂ ਬਾਰੇ ਪੁੱਛਿਆ ਸੀ। ਅੱਜ ਲਗਭਗ 10 ਦਿਨ ਦੇ ਵਕਫੇ ਬਾਅਦ ਹੀ ਉਹਨਾਂ ਨੇ ਇਹ ਲੋੜਾਂ ਨੂੰ ਪ੍ਰਵਾਨ ਕਰਵਾ ਕੇ ਕੰਮਾਂ ਦੀ ਸ਼ੁਰੂਆਤ ਕਰਵਾ ਦਿੱਤੀ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਕਿਉਂਕਿ ਸਕੂਲਾਂ ਵਿੱਚ ਛੁੱਟੀਆਂ ਤੋਂ ਪਹਿਲਾਂ ਆਖਰੀ ਦਿਨ ਹੈ। ਮੇਰੀ ਇੱਛਾ ਸੀ ਕਿ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਕੰਮ ਸ਼ੁਰੂ ਕਰਵਾ ਦਿੱਤੇ ਜਾਣ ਤਾਂ ਜੋ ਛੁੱਟੀਆਂ ਵਿੱਚ ਕੰਮ ਚੱਲਦਾ ਰਹੇ। ਉਹਨਾਂ ਨੇ ਕਿਹਾ ਕਿ ਸਕੂਲ ਬੱਚਿਆਂ ਦੇ ਭਵਿੱਖ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਸਕੂਲਾਂ ਨੂੰ ਬਿਹਤਰ ਬਣਾਉਣਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ, ਤਾਂ ਜੋ ਇੱਥੇ ਪੜਨ ਆਉਣ ਵਾਲੇ ਬੱਚੇ ਸੋਹਣੇ ਮਾਹੌਲ ਵਿੱਚ ਚੰਗੀ ਵਿਦਿਆ ਹਾਸਿਲ ਕਰਨ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਇਮਾਰਤਾਂ ਦੇ ਨਾਲ ਨਾਲ ਬਿਹਤਰ ਸਟਾਫ ਵੀ ਭਰਤੀ ਕੀਤਾ ਗਿਆ ਹੈ ਤਾਂ ਜੋ ਸਾਡੇ ਬੱਚੇ ਚੰਗੇ ਨਾਗਰਿਕ ਬਣ ਸਕਣ। ਉਹਨਾਂ ਇਸ ਮੌਕੇ ਪਿੰਡ ਦੇ ਮੋਹਤਬਾਰਾਂ, ਸਰਪੰਚਾਂ, ਅਹੁਦੇਦਾਰਾਂ, ਬੱਚਿਆਂ ਦੇ ਮਾਤਾ ਪਿਤਾ ਨੂੰ ਸਿੱਖਿਆ ਉੱਤੇ ਵੱਧ ਤੋਂ ਵੱਧ ਧਿਆਨ ਦੇਣ ਲਈ ਅਪੀਲ ਕੀਤੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਜੰਡਿਆਲਾ ਗੁਰੂ ਦੇ ਪਸ਼ੂ ਹਸਪਤਾਲ ਜੋ ਕਿ ਲੰਬੇ ਸਮੇਂ ਤੋਂ ਮੁਰੰਮਤ ਦੀ ਉਡੀਕ ਵਿੱਚ ਸੀ, ਵਿਖੇ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ। ਉਹਨਾਂ ਕਿਹਾ ਕਿ ਪਸ਼ੂ ਸਾਡੇ ਰੁਜ਼ਗਾਰ ਦਾ ਵੱਡਾ ਸਾਧਨ ਹਨ ਅਤੇ ਜੇਕਰ ਇਹਨਾਂ ਹਸਪਤਾਲਾਂ ਵਿੱਚੋਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਪਸ਼ੂਆਂ ਦਾ ਬਿਹਤਰ ਇਲਾਜ ਹੋਵੇ ਤਾਂ ਉਹ ਸੌਖੀ ਰੋਟੀ ਖਾਂਦੇ ਰਹਿਣਗੇ। ਉਹਨਾਂ ਕਿਹਾ  ਜੇਕਰ ਹੋਰ ਵੀ ਕੋਈ ਲੋੜ ਹਸਪਤਾਲ ਦੀ ਹੋਈ ਤਾਂ ਉਹ ਪੂਰੀ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਨਰੇਸ਼ ਪਾਠਕ,  ਐਕਸੀਅਨ ਸ੍ਰੀ ਰੰਧਾਵਾ ਅਤੇ ਹੋਰ ਆਗੂ ਵੀ ਹਾਜ਼ਰ ਸਨ।