ਅੰਮ੍ਰਿਤਸਰ 9 ਜੂਨ (ACN):- ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾ ਤੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ,ਭੰਡਾਰਨ ਅਤੇ ਲਵਾਈ ਕਰਨ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋਂ ਝੋਨੇ ਦੀ ਮੰਡੀਕਰਨ ਸਮੇਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਨੂੰ ਰੋਕਿਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸ਼੍ਰੀ ਬਲਜਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਲਗਾਤਾਰ ਖੇਤੀ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਗਿਰਾਵਟ ਨੁੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਕਣ ਵਿਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44 ਕਿਸਮਾਂ ਦੀ ਲਵਾਈ ਕਰਨ ਤੇ ਪਾਬੰਦੀ ਲਗਾਈ ਹੈ । ਇਨਾਂ ਕਿਸਮਾਂ ਤੋਂ ਇਲਾਵਾ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਬਿਜਾਈ ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋਂ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ। ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਮੁਹਿੰਮ ਸਦਕਾ ਜ਼ਿਲਾ ਅਮ੍ਰਿਤਸਰ ਵਿਚ ਬੀਜ ਵਿਕਰੇਤਾਵਾ ਨਾਲ ਸੀਜਨ ਸੁਰੂ ਹੋਣ ਤੋ ਪਹਿਲਾ ਮੁੱਖ ਦਫਤਰ ਅਤੇ ਸਮੂਹ ਬਲਾਕ ਖੇਤੀਬਾੜੀ ਅਫਸਰਾ ਵਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਵੇਚਣ ਤੇ ਸਖਤੀ ਨਾਲ ਮਨਾਹੀ ਕਰਨ ਬਾਬਤ ਉੱਚ ਅਧਿਕਾਰੀਆ ਵਲੋ ਪ੍ਰਾਪਤ ਦਿਸ਼ਾ-ਨਿਰਦੇਸ਼ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਚੈਕਿੰਗ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਵਿਖ ਵਿਚ ਪੇਸ਼ ਆਉਣ ਵਾਲੀਆਂ ਸੰਭਾਵਤ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਕਿਸਮਾਂ ਦੀ ਲਵਾਈ ਨਾਂ ਕਰਨ। ਪੰਜਾਬ ਸਰਕਾਰ ਵਲੋਂ ਕੀਤੇ ਫੈਸਲੇ ਅਨੁਸਾਰ ਇਨ੍ਹਾਂ ਕਿਸਮਾਂ ਦੀ ਖਰੀਦ ਨਹੀਂ ਕੀਤੀ ਜਾਵੇਗੀ ।ਇਸ ਲਈ ਕਿਸਾਨ ਵੀਰਾਂ ਨੁੰ ਅਪੀਲ ਹੈ ਕਿ ਇਸ ਵਾਰ ਪਾਬੰਦੀ ਸ਼ੁਦਾ ਕਿਸਮਾਂ ਦੀ ਲਵਾਈ ਬਿਲਕੁੱਲ ਨਾਂ ਕਰਨ ਤਾਂ ਜੋ ਮੰਡੀਆਂ ਵਿਚ ਝੋਨੇ ਦੇ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾਂ ਆਵੇ। ਸ: ਭੁੱਲਰ ਨੇ ਦੱਸਿਆ ਕਿ ਇਨਾਂ ਪਾਬੰਦੀ ਸ਼ੁਦਾ ਕਿਸਮਾਂ ਤੋਂ ਪਰਾਲੀ ਵੱਧ ਪੈਦਾ ਹੁੰਦੀ ਅਤੇ ਕਿਸਾਨਾਂ ਵਲੋਂ ਆਮ ਕਰਕੇ ਪਰਾਲੀ ਨੁੰ ਖੇਤਾਂ ਵਿਚ ਸੰਭਾਲਣ ਦੀ ਬਿਜਾਏ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਪਰਾਲੀ ਪ੍ਰਬੰਧਨ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਈਬ੍ਰਿਡ ਕਿਸਮਾਂ ਦੀ ਮੰਡੀਕਰਨ ਵਿਚ ਆਉਂਦੀ ਸਮੱਸਿਆ ਤੋਂ ਇਲਾਵਾ ਇਹ ਕਿਸਮਾਂ ਡਿੱਗਦੀਆਂ ਬਹੁਤ ਹਨ , ਕਾਲਾ ਤੇਲਾ ਅਤੇ ਝੂਠੀ ਕਾਂਗਿਆਰੀ ਵੀ ਵਧੇਰੇ ਲਗਦੀ ਹੈ। ਜੇਕਰ ਕਿਸੇ ਕਿਸਾਨ ਨੇ ਗਲਤੀ ਨਾਲ ਇਨਾਂ ਪਾਬੰਦੀ ਸ਼ੁਦਾ ਕਿਸਮਾਂ ਦੀ ਪਨੀਰੀ ਦੀ ਬਿਜਾਈ ਕੀਤੀ ਹੈ ਤਾਂ ਉਸ ਦੀ ਲਵਾਈ ਬਿਲਕੁੱਲ ਨਾਂ ਕਰਨ । ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਬਲਾਕ ਖੇਤੀਬਾੜੀ ਅਫਸਰਾ ਨੂੰ ਦਿਸ਼ਾ-ਨਿਰਦੇਸ਼ ਦਿਤੇ ਗਏ ਹਨ ਕਿ ਪਿੰਡਾ ਵਿੱਚ ਧਾਰਮਿਕ ਸਥਾਨਾ ਤੋ ਅਨਾਊਂਸਮੈਂਟਸ ਕਰਵਾਉਣ ਕਿ ਪਾਬੰਦੀਸ਼ੁਦਾ ਕਿਸਮਾ ਦੀ ਪਨੀਰੀ ਰਾਹੀ ਬੀਜਾਈ ਨਾ ਕਰਨ।ਹਾਈਬ੍ਰਿਡ ਕਿਸਮਾਂ ਦੀ ਲਵਾਈ ਕਰਨ ਦੀ ਬਿਜਾਏ ਪੀ ਆਰ 126 ਦੀ ਪਨੀਰੀ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ 15 ਜੁਲਾਈ ਤੋਂ ਪਹਿਲਾ ਤਕ ਲਵਾਈ ਕੀਤੀ ਜਾ ਸਕਦੀ ਹੈ।ਇਹ ਕਿਸਮ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹੈ ਅਤੇ ਸ਼ੈਲਰ ਮਾਲਕਾਂ ਨੇ ਵੀ ਕਿਹਾ ਹੈ ਕਿ ਪੀਆਰ 126, ਪੂਸਾ1509,ਪੀਏਯੂ ਦੀਆ ਸਿਪਾਰਸ਼ ਯੁਕਤ ਕਿਸਮਾ ਤੋ ਕੋਈ ਦਿੱਕਤ ਨਹੀ ਹੈ ਅਤੇ ਇਸ ਕਿਸਮ ਦੀ ਖਰੀਦ ਆਮ ਕਿਸਮਾਂ ਵਾਂਗ ਹੀ ਹੋਵੇਗੀ।