ਫਿਊਚਰ ਟਾਈਕੂਨਜ਼ ਦੇ ਮੰਚ ਤੋਂ ਭਵਿੱਖ ਦੇ ਕਾਰੋਬਾਰੀਆਂ ਨੇ ਪੇਸ਼ ਕਿੱਤੇ ਆਪਣੇ ਆਪਣੇ ਬਿਜਨੈਸ ਮਾਡਲ’

ਅੰਮ੍ਰਿਤਸਰ, 25 ਮਈ(ACN):- ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਹੀ ਹੇਠ ਚਲਾਏ ਜਾ ਰਹੇ ਫਿਊਚਰ ਟਾਈਕੂਨਜ਼ ਪ੍ਰੋਗਰਾਮ  ਨੌਜਵਾਨ ਉਮਰ ਦੇ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਹ ਪ੍ਰੋਗਰਾਮ ਸਿਰਫ ਅੰਮ੍ਰਿਤਸਰ ‘ਚ ਹੀ ਨਹੀਂ ਬਲਕਿ ਹੁਣ ਪੰਜਾਬ ਦੇ ਵੱਖ ਵੱਖ ਜ਼ਿਲਿਆ ਵਿੱਚ ਵੀ ਨੌਜਵਾਨਾਂ ਨੂੰ ਉਤਸਾਹਿਤ ਕਰਨ ਲੱਗਾ ਹੈ। ਐਤਵਾਰ ਨੂੰ ਹੋਈ ਵਰਕਸ਼ਾਪ ਦੇ ਤੀਜੇ ਦਿਨ ਭਵਿੱਖ  ਦੇ ਕਾਰੋਬਾਰੀਆਂ ਨੇ ਅਪਣੇ-ਆਪਣੇ ਵਪਾਰੀ ਮਾਡਲ ਪੇਸ਼ ਕਿੱਤੇ। ਪ੍ਰਗਰਾਮ ਬਾਰੇ  ਦੱਸਦੇ ਹੋਏ ਡਿਪਟੀ ਸੀਈਓ, ਰੋਜ਼ਗਾਰ ਦਫ਼ਤਰ, ਤੀਰਥਪਾਲ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦੀ ਇਸ ਕੜੀ ਵਿੱਚ ਪੈਨਲ ਅੱਗੇ ਭਾਗੀਦਾਰੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਬਤੌਰ ਪੈਨਲ ਮੌਜੂਦ ਡਾਕਟਰ‌ ਬੇਦੀ, ਅਮਿਤ ਮਦਾਨ, ਡਾ ਬਿਕਰਮ, ਹਿਤੇਨ ਗੁਲਾਟੀ, ਵਿਕਰਾਂਤ ਕਪੂਰ ਨੇ ਸਕਰਾਤਮਕ ਮਾਨਸਿਕਤਾ ਅਤੇ ਨਿਰੰਤਰ ਯਤਨਾਂ ਉੱਤੇ ਜ਼ੋਰ ਦਿੰਦਿਆਂ ਦੱਸਿਆ ਕਿ ਹਰ ਕਾਮਯਾਬ ਵਪਾਰੀ ਆਪਣੀ ਹਿੰਮਤ ਅਤੇ ਮਿਹਨਤ ਨਿਰੰਤਰ ਜ਼ਾਰੀ ਰੱਖਦਾ ਹੈ ਜਦ ਤੱਕ ਉਹ ਕਿਸੇ ਮੁਕਾਮ ਤੇ ਨਾ ਪਹੁੰਚ ਜਾਏ। ਉਤਰਾਅ-ਚੜ੍ਹਾਅ ਹਰ ਸਟਾਰਟਅੱਪ ਅਤੇ ਉੱਦਮ ਦਾ ਹਿੱਸਾ ਹੁੰਦੇ ਹਨ। ਲੇਕਿਨ ਹਿੰਮਤ ਰੱਖਣ ਨਾਲ ਹਰ ਕੜੀ ‘ਚੋ ਨਿਕਲਿਆ ਜਾ ਸਕਦਾ ਹੈ। ਪੀਐੱਚਡੀ ਚੈਂਬਰ ਅਤੇ ਸਟਾਰਟ-ਅੱਪ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ਜੂਨ ਵਿੱਚ ਵੱਡੇ ਪੱਧਰ ਦੇ ਗਰੈਂਡ ਫਿਨਾਲੇ ਨਾਲ ਸਮਾਪਤ ਹੋਵੇਗਾ, ਜਿਸ ਵਿੱਚ 6 ਸ਼੍ਰੇਣੀਆਂ ‘ਚੋ ਕੁੱਲ 18 ਜੇਤੂਆਂ ਨੂੰ ਨਕਦ ਇਨਾਮ ਮਿਲਣਗੇ ਜਿਸ ਵਿੱਚ ਪਹਿਲਾ ਇਨਾਮ 50 ਹਜ਼ਾਰ  ਦੂਜਾ 20 ਹਜ਼ਾਰ ਤੇ ਤੀਜਾ ਇਨਾਮ 10 ਹਜ਼ਾਰ ਹੈ।