ਅਜਨਾਲਾ/ਅੰਮ੍ਰਿਤਸਰ, 22 ਮਈ (ACN)- ਅੱਜ ਅਜਨਾਲਾ ਸੈਕਟਰ ਦੇ ਸਰਹੱਦੀ ਕੌਮਾਂਤਰੀ ਪਿੰਡਾਂ ਬੇਦੀ ਛੰਨਾ, ਚਾੜ੍ਹਪੁਰ ਅਤੇ ਅੰਬ ਨੰਗਲ ਵਿਖੇ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੌਰਾਨ ਕਰਵਾਈਆਂ ਗਈਆਂ ਪ੍ਰਭਾਵਸ਼ਾਲੀ ਰੈਲੀਆਂ ਨੂੰ ਹਲਕਾ ਵਿਧਾਇਕ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ‘ਚ ਨਸ਼ਿਆਂ ਦੇ ਅੰਨੇ ਪਸਾਰੇ ਲਈ ਸਾਬਕਾ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ । ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰਾਂ ਨੇ ਰੰਗਲੇ ਪੰਜਾਬ ਦੇ ਅਸਲੀ ਖਾਸੇ ਪੰਜਾਬ ਦੀ ਅਮੀਰ ਸੱਭਿਆਚਾਰਕ, ਪੰਜਾਬ, ਪੰਜਾਬੀ, ਪੰਜਾਬੀਅਤ ਵਿਰਾਸਤ ਨੂੰ ਕਾਇਮ ਰੱਖਣ ਦੀ ਬਜਾਏ ਕਥਿਤ ਤੌਰ ਤੇ ਵੋਟ ਤੇ ਨੋਟ ਦੀ ਰਾਜਨੀਤੀ ਤੇ ਚੱਲਦਿਆਂ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਪਵਿੱਤਰ ਧਰਤੀ ਪੰਜਾਬ ਚ ਵਹਾਏ ਗਏ ਨਸ਼ਿਆਂ ਦੇ ਛੇਵੇਂ ਦਰਿਆ ਦੇ ਮੰਦਭਾਗੇ ਵਰਤਾਰੇ ‘ਚ ਘਰੇਲੂ ਕਲੇਸ਼, ਹਿੰਸਾ ਸਮੇਤ ਪਤੀ – ਪਤਨੀ ਦੇ ਸਥਾਈ ਪਵਿੱਤਰ ਰਿਸ਼ਤਿਆਂ ਚ ਤਰੇੜਾਂ ਤੇ ਤਲਾਕ ਦੇ ਵਿਆਪਕ ਮਾੜੇ ਹਾਲਾਤ ਉੱਭਰੇ ਪਏ ਸਨ।
ਸ: ਧਾਲੀਵਾਲ ਨੇ ਸਪੱਸ਼ਟ ਐਲਾਨ ਕੀਤਾ ਕਿ ਮੱੁਖ ਮੰਤਰੀ ਪੰਜਾਬ ਦ੍ਰਿੜਤਾ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਬਿਨਾਂ ਭੈਅ ਤੋਂ ਲੋਕਾਂ ਦੇ ਸਹਿਯੋਗ ਨਾਲ ਲੜ ਰਹੇ ਹਨ। ਨਸ਼ਾ ਤਸਕਰਾਂ ਨੂੰ ਗੋਡਿਆਂ ਭਾਰ ਲਿਆਉਣਾ ਸਰਕਾਰ ਤੇ ਪੁਲਿਸ ਤੇ ਲੋਕਾਂ ਦੀ ਲਹਿਰ ਦੀ ਅਹਿਮ ਪ੍ਰਾਪਤੀ ਹੈ। ਪੰਜਾਬ ਹੁਣ ਨਸ਼ਾ ਮੁਕਤੀ ਦੇ ਰਾਹ ਪੈ ਚੁੱਕਾ ਹੈ। ਪੰਜਾਬ ਦੀ ਭਾਈਚਾਰਕ ਸਾਂਝ ਤੇ ਰੰਗਲੇ ਪੰਜਾਬ ਦੀ ਮੁੜ ਪਛਾਣ ਸਥਾਪਤ ਕਰਨਾ ਸੂਬਾ ਮਾਨ ਸਰਕਾਰ ਦਾ ਪ੍ਰਥਮ ਧਰਮ -ਕਰਮ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਭਾਜਪਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਨਣ ਦੀ ਬਜਾਏ ਨਕਾਰਤਮਿਕ ਨੀਤੀਆਂ ਅਪਣਾਏ ਜਾਣ ਕਾਰਣ ਸਿਆਸੀ ਦੀਵਾਲੀਏਪਨ ਦਾ ਸ਼ਿਕਾਰ ਹੋ ਚੁੱਕੀਆਂ ਹਨ। ਕਿਉਂਕਿ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਤੇ ਖੁਸ਼ਹਾਲ ਰੱਖਣਾ , ਇਨ੍ਹਾਂ ਦੇ ਏਜੰਡੇ ਤੇ ਹੀ ਕਦੇ ਰਿਹਾ ਹੀ ਨਹੀਂ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਚੋਣ ਦਰ ਚੋਣ ‘ਚ ਵੋਟਰਾਂ ਵਲੋਂ ਨਕਾਰਿਆ ਜਾ ਰਿਹਾ ਹੈ। ਰੈਲੀਆਂ ‘ਚ ਮੌਜੂਦ ਅਫਸਰਸ਼ਾਹੀ, ਸੈਲਫ ਡਿਫੈਂਸ ਕਮੇਟੀਆਂ, ਗ੍ਰਾਮ ਪੰਚਾਇਤਾਂ, ਨੰਬਰਦਾਰਾਂ, ਸਮਾਜ ਸੇਵੀਆਂ ਤੇ ਹੋਰ ਮੋਹਤਬਰਾਂ ਨੂੰ ਨਸ਼ਿਆਂ ਵਿਰੁੱਧ ਸਮੂਹਿਕ ਹਲਫ ਦਿਵਾਇਆ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਸ ਡੀਐਮ ਸ: ਰਵਿੰਦਰ ਸਿੰਘ , ਡੀਐਸ਼ਪੀ ਅਜਨਾਲਾ ਸ: ਗੁਰਵਿੰਦਰ ਸਿੰਘ ਔਲਖ, ਬੀਡੀਪੀਓ ਰਮਦਾਸ ਪਵਨ ਕੁਮਾਰ, ਐਸਐਚਓ ਆਗਿਆਪਾਲ ਸਿੰਘ, ਪੀ.ਏ. ਮੁਖਤਾਰ ਸਿੰਘ ਬਲੜਵਾਲ ਆਦਿ ਮੌਜੂਦ ਸਨ।