ਅੰਮ੍ਰਿਤਸਰ, 22 ਮਈ (ACN)- ਪ੍ਰਵਾਸੀ ਭਾਰਤੀ ਮਾਮਲਿਆ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸੁਧਾਰ ਵਿਖੇ ਸਕੂਲ ਦੇ ਵਿਕਾਸ ਕੰਮ ਬੱਚਿਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾਂ ਸਕੂਲਾਂ ਦੇ ਵਿਕਾਸ ਲਈ ਕੋਈ ਪੈਸਾ ਭੇਜਿਆ ਅਤੇ ਨਾ ਹੀ ਉਹਨਾਂ ਦੇ ਮੰਤਰੀ ਕਦੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਵੇਖਣ ਆਏ। ਉਹਨਾਂ ਕਿਹਾ ਕਿ ਦਰਅਸਲ ਉਨਾਂ ਦੀ ਦਿਲਚਸਪੀ ਪੈਸੇ ਬਣਾਉਣ ਤੱਕ ਸੀਮਤ ਸੀ, ਲੋਕਾਂ ਉੱਤੇ ਖਰਚਣ ਵਿੱਚ ਨਹੀਂ ਸੀ। ਧਾਲੀਵਾਲ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਭੂਰੇਗਿੱਲ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਨੇਪਰੇ ਚੜੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਉਦਘਾਟਨੀ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ ਧਾਲੀਵਾਲ ਨੇ ਸਾਬਕਾ ਕਾਂਗਰਸ ਤੇ ਅਕਾਲੀ –ਭਾਜਪਾ ਸਰਕਾਰਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਜਾਦੀ ਪਿੱਛੋਂ ਲਗਾਤਾਰ 70 ਸਾਲ ਕਾਬਜ਼ ਰਹੀਆਂ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਕਥਿਤ ਤੌਰ ‘ਤੇ ਸਰਕਾਰੀ ਤੇ ਗੈਰ ਸਰਕਾਰੀ ਖਜ਼ਾਨੇ ਦੀ ਦੋਹੇਂ ਹੱਥੀ ਲੁੱਟ ਖਸੁੱਟ ਕਰਨ ਵੱਲ ਹੀ ਆਪਣਾ ਧਿਆਨ ਕੇਂਦਰਿਤ ਰੱਖਿਆ। ਜਿਸਦੇ ਮੱਦੇਨਜ਼ਰ ਸਾਰੇ ਦੇਸ਼ ‘ਚੋਂ ਖੁਸ਼ਹਾਲ ਮੰਨਿਆਂ ਜਾਂਦਾ ਸੂਬਾ ਪੰਜਾਬ ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ 14 ਵੇਂ ਸਥਾਨ ‘ਤੇ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ‘ਚ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਅਤੇ ਕੋਈ ਵੀ ਸਿੱਖਿਆ ਸੁਧਾਰਾਂ ਲਈ ਨਵੀਂ ਨੀਤੀ ਨਹੀਂ ਲਾਗੂ ਕੀਤੀ ਗਈ। ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਸਾਲ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਆਪਣਾ ਕਾਰਜਭਾਰ ਸੰਭਾਲਿਆ ਹੈ, ਉਦੋਂ ਤੋਂ ਹੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਤਰਜੀਹੀ ਖੇਤਰ ਮੰਨਦੇ ਹੋਏ ਸਰਵ ਪੱਖੀ ਵਿਕਾਸ ਕਰਵਾ ਰਹੇ ਹਨ ਅਤੇ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਨਵ ਕ੍ਰਾਂਤੀ ਆਉਣ ਦੇ ਮੱਦੇਨਜ਼ਰ ਦੇਸ਼ ਦੇ ਪਹਿਲੇ ਸਾਖਰਤਾ ਰਾਜ ਗਿਣੇ ਜਾਂਦੇ ਮਿਜ਼ੋਰਮ ਤੇ ਕੇਰਲ ਨੂੰ ਪਿਛਾੜ ਕੇ ਜਲਦੀ ਹੀ ਦੇਸ਼ ਭਰ ‘ਚੋਂ ਸਾਖਰਤਾ ‘ਚ ਮੋਹਰੀ ਸੂਬਾ ਬਣੇਗਾ। ਉਕਤ ਉਦਘਾਟਨੀ ਸਮਾਰੋਹਾਂ ਦੌਰਾਨ ਸਕੂਲ ਮੈਨਜਮੈਂਟ ਕਮੇਟੀਆਂ ਤੇ ਸਕੂਲ ਸਟਾਫ ਵਲੋਂ ਮੰਤਰੀ ਸ: ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਓ ਐਸ ਡੀ ਗੁਰਜੰਟ ਸਿੰਘ ਸੋਹੀ ਅਤੇ ਹੋਰ ਪਤਵੰਤੇ ਹਾਜ਼ਰ ਸਨ।