ਹੁਣ ਆਨ ਲਾਈਨ ਪ੍ਰਾਪਤ ਕੀਤੀਆਂ ਗਈਆਂ ਫਰਦਾਂ ਵੀ ਕਾਨੂੰਨੀ ਤੌਰ ਉਤੇ ਅਧਿਕਾਰਤ ਦਸਤਾਵੇਜ਼ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 4 ਜੂਨ (ACN):- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਦੱਸਿਆ ਕਿ ਹੁਣ ਆਨਲਾਈਨ ਪ੍ਰਾਪਤ ਕੀਤੀਆਂ ਗਈਆਂ ਫਰਦਾਂ ਕਾਨੂੰਨੀ ਤੌਰ ਉੱਤੇ ਅਧਿਕਾਰਤ ਦਸਤਾਵੇਜ ਹਨ ਅਤੇ ਤੁਸੀਂ ਇਹਨਾਂ ਨੂੰ ਕਿਸੇ ਵੀ ਲੋੜ ਲਈ ਵਰਤ ਸਕਦੇ ਹੋ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਆਪਣੇ ਘਰੋਂ ਫਰਦ ਆਨਲਾਈਨ ਵੇਖ ਸਕਦੇ ਸੀ, ਪ੍ਰਿੰਟ ਵੀ ਲੈ ਸਕਦੇ ਸੀ ਪਰ ਉਹ ਕਾਨੂੰਨੀ ਤੌਰ ਤੇ ਅਧਿਕਾਰਤ ਦਸਤਾਵੇਜ ਨਹੀਂ ਸੀ, ਪਰ ਹੁਣ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਥੋੜੀ ਜਿਹੀ ਫੀਸ ਆਨਲਾਈਨ ਹੀ ਜਮਾ ਕਰਵਾ ਕੇ ਇਸ ਨੂੰ ਕਾਨੂੰਨੀ ਦਸਤਾਵੇਜ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਲਈ ਕੋਈ ਵੀ ਵਿਅਕਤੀ ਆਪਣੇ ਘਰ ਜਾਂ ਦਫਤਰ ਤੋਂ ਇਸਦਾ ਪ੍ਰਿੰਟ ਲੈ ਕੇ ਇਸਨੂੰ ਕਾਨੂੰਨੀ ਦਸਤਾਵੇਜ ਵਜੋਂ ਵਰਤ ਸਕਦਾ ਹੈ। ਉਹਨਾਂ ਮਾਲ ਵਿਭਾਗ ਦੇ ਬਕਾਇਆ ਪਏ ਕੇਸਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਲ ਵਿਭਾਗ ਦੇ ਬਕਾਇਆ ਪਏ ਕੰਮ ਤੁਰੰਤ ਨਿਪਟਾਉਣ। ਉਹਨਾਂ ਨੇ ਹਰੇਕ ਸਬ ਡਿਵੀਜ਼ਨ ਦੇ ਐਸਡੀਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਇਲਾਕੇ ਵਿੱਚ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਨਿਰੰਤਰ ਕਰਨ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਾਗਰਿਕਾਂ ਨੂੰ ਜ਼ਿਆਦਾਤਰ ਸੇਵਾਵਾਂ ਆਨ ਲਾਈਨ ਅਤੇ ਉਹਨਾਂ ਦੇ ਦਰਵਾਜ਼ੇ ਤੱਕ ਮੁਹਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਸਰਕਾਰ ਦੇ ਇਸ ਆਸ਼ੇ ਦੀ ਪੂਰਤੀ ਲਈ ਸਾਰੇ ਅਧਿਕਾਰੀ ਨਿਰੰਤਰ ਆਪਣੀਆਂ ਬਰਾਂਚਾਂ ਦੀ ਸਮੀਖਿਆ ਕਰਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਐਸ:ਡੀ:ਐਮ ਸ੍ਰ   ਗੁਰਸਿਮਰਨ ਸਿੰਘ, ਐਸ:ਡੀ:ਐਮ ਸ੍ਰ ਮਨਕੰਵਲ ਸਿੰਘ ਚਾਹਲ, ਜਿਲ੍ਹਾ ਮਾਲ ਅਫਸਰ ਸ੍ਰ ਨਵਕੀਰਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।