“ਪੰਜਾਬ ਸਿੱਖਿਆ ਕ੍ਰਾਂਤੀ” ਕੇਵਲ ਇੱਕ ਮੁਹਿੰਮ ਨਹੀਂ, ਬਲਕਿ ਨਵੇਂ ਯੁੱਗ ਸ਼ੁਰੂਆਤ- ਵਿਧਾਇਕ ਬਾਬਾ ਬਕਾਲਾ

ਅੰਮ੍ਰਿਤਸਰ 26 ਮਈ(ACN):- “ਪੰਜਾਬ ਸਿੱਖਿਆ ਕ੍ਰਾਂਤੀ” ਹੁਣ ਕੇਵਲ ਇੱਕ ਮੁਹਿੰਮ ਨਹੀਂ, ਬਲਕਿ ਨਵੇਂ ਯੁੱਗ ਸ਼ੁਰੂਆਤ ਵੱਲ ਵੱਧਦੇ ਕਦਮ ਹਨ ਜੋ ਕਿ ਪੰਜਾਬ ਦੇ ਬੱਚਿਆ ਦੇ ਸੁਨਹਿਰੇ ਭਵਿੱਖ ਦੀ ਸ਼ਰੂਆਤ ਕਰਨਗੇ ਅਤੇ ਇਹ ਪਰਿਵਰਤਨ ਦੀ ਇੱਕ ਲਹਿਰ ਹੈ ਜੋ ਹਰ ਪਿੰਡ, ਹਰ ਸਕੂਲ ਅਤੇ ਹਰ ਬੱਚੇ ਤੱਕ ਪਹੁੰਚ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਹਲਕੇ ਵਿਚ ਸਮਾਨ ਰੂਪ ਨਾਲ ਗੁਣਵੱਤਾ ਸਿੱਖਿਆ ਪ੍ਰਦਾਨ ਕਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ  ਬਾਬਾ ਬਕਾਲਾ  ਦੇ ਵਿਧਾਇਕ ਸ: ਦਲਬੀਰ ਸਿੰਘ ਟੌਗ ਨੇ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾਊਦ ਅਤੇ ਸਰਕਾਰੀ ਹਾਈ ਸਕੂਲ ਵਡਾਲਾ ਕਲਾਂ  ਵਿਖੇ ਕਰੀਬ 35 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸੌਗਾਤ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਪੁਰਦ ਕਰਦਿਆਂ ਕੀਤਾ।ਉਨ੍ਹਾ ਕਿਹਾ ਕਿ ਇੰਨਾਂ ਸਕੂਲਾਂ ਵਿਚ ਨਵੇ ਕਮਰੇ ਅਤੇ ਨਵੀ ਚਾਰਦੀਵਾਰੀ ਕਰਵਾਈ ਜਾਵੇਗੀ। ਵਿਧਾਇਕ ਟੌਗ   ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਜ਼ਰੂਰਤਮੰਦ ਅਤੇ ਮੱਧਵਰਗ ਦੇ ਬੱਚਿਆਂ ਨੂੰ ਵੀ ਇਹੀ ਆਧੁਨਿਕ ਸੁਵਿਧਾਵਾਂ ਅਤੇ ਗੁਣਵੱਤਾ ਪ੍ਰਾਪਤ ਹੋਵੇ ਜੋ  ਕਿ ਨਿੱਜੀ ਸਕੂਲਾਂ ਵਿਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਕਿਸੇ ਰਾਸ਼ਟਰ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਸਰਕਾਰ ਦਾ ਇਹ ਕਰਤੱਵ ਹੈ ਕਿ ਉਹ ਹਰ ਬੱਚੇ ਨੂੰ ਸਮਾਨ ਮੌਕੇ ਪ੍ਰਦਾਨ ਕਰੇ। ਵਿਧਾਇਕ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਤਾਂ ਜੋ ਉਹ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸੰਸਥਾਵਾਂ ਦਾ ਲਾਭ ਵੀ ਪ੍ਰਾਪਤ ਕਰ ਸਕਣ। ਇਸ ਮੌਕੇ ਵਿਧਾਇਕ ਸ: ਟੋਗ ਨੇ ਨਵੇ ਬਣੇ ਸਕੂਲੀ ਕਮਰਿਆਂ ਦਾ ਨਿਰੀਖਣ ਵੀ ਕੀਤਾ । ਇਸ ਮੌਕੇ ਜਥੇਦਾਰ ਬਲਦੇਵ ਸਿੰਘ ਬੋਦੇਵਾਲ,ਸ਼੍ਰੀ ਸੰਜੀਵ ਭੰਡਾਰੀ, ਗੁਰਜੀਤ ਸਿੰਘ ਫੌਜੀ, ਹਰਪ੍ਰੀਤ ਸਿੰਘ ਹੈਪੀ,ਸਰਪੰਚ ਸਰਵਿੰਦਰ ਸਿੰਘ ਤੋ ਇਲਾਵਾ ਸਕੂਲੀ ਸਟਾਫ ਵੀ ਹਾਜ਼ਰ ਸੀ।