ਅਟਾਰੀ , 31 ਮਈ (ACN):- ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ ਨੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਵਿੱਚੋਂ ਨਸ਼ਾ ਖਤਮ ਕਰਨ ਲਈ ਲੋਕਾਂ ਕੋਲੋਂ ਸਾਥ ਮੰਗਦਿਆਂ ਕਿਹਾ ਕਿ ਨਸ਼ਾ ਖਤਮ ਕਰਨਾ ਸਾਡੀਆਂ ਨਸਲਾਂ ਦੇ ਭਵਿੱਖ ਲਈ ਜਰੂਰੀ ਹੈ, ਇਸ ਲਈ ਤੁਸੀਂ ਸਾਰੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਕੋਹੜ ਨੂੰ ਗਲੋਂ ਲਾਹ ਸਕੀਏ। ਉਹਨਾਂ ਕਿਹਾ ਕਿ ਆਪਾਂ ਅਫਗਾਨੀ ਧਾੜਵੀ ਰੋਕ ਲਏ, ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢ ਲਿਆ, ਗਵਾਂਢੀ ਦੇਸ਼ਾਂ ਨਾਲ ਜੰਗਾਂ ਜਿੱਤ ਲਈਆਂ, ਅੱਤਵਾਦ ਉੱਤੇ ਫਤਿਹ ਪਾ ਲਈ ਅਤੇ ਹੁਣ ਵੇਲਾ ਨਸ਼ਿਆਂ ਵਿਰੁੱਧ ਯੁੱਧ ਦਾ ਹੈ ਅਤੇ ਇਸ ਵਿੱਚ ਵੀ ਜਿਤ ਆਪਣੀ ਹੋਣੀ ਹੈ, ਬਸ ਲੋੜ ਤੁਹਾਡੇ ਸਾਥ ਦੀ ਹੈ। ਉਨਾਂ ਨੇ ਅੱਜ ਰਾਜਾਤਾਲ , ਨੇਸ਼ਟਾ , ਅਟਾਰੀ ,ਖਾਸਾ , ਖਾਸਾ ਬਾਜ਼ਾਰ ਅਤੇ ਖੁਰਮਣੀਆਂ ਵਿਖੇ ਕਰਵਾਈਆਂ ਗਈਆਂ ਪ੍ਰਭਾਵਸ਼ਾਲੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ੇ ਦੇ ਪਸਾਰੇ ਲਈ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਨੂੰ ਕਟਹਿਰੇ ‘ਚ ਖੜਾ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਦੇ ਆਗੂਆਂ ਤੇ ਕਾਰਕੁੰਨਾਂ ਵਲੋਂ ਸੌਖੇ ਢੰਗ ਨਾਲ ਪੈਸੇ ਦੀ ਕਮਾਈ ਲਈ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੱਤੀ ਜਾਂਦੀ ਰਹੀ ਹੈ, ਜਦੋਂਕਿ ਮੁੱਖ ਮੰਤਰੀ ਸ: ਮਾਨ ਵਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਪੁਲੀਸ ਨੂੰ ਖੁੱਲ੍ਹੀ ਛੋਟ ਦਿੱਤੀ ਗਈ ਹੈ। ਉਨਾਂ ਸਪਸ਼ਟ ਕੀਤਾ ਕਿ ਸਰਕਾਰ ਵਲੋਂ ਕਿਸੇ ਕਿਸਮ ਦੀ ਸਿਆਸੀ ਦਖਲ ਅੰਦਾਜ਼ੀ ਨਾ ਪਹਿਲੋਂ ਕੀਤੀ ਜਾ ਰਹੀ ਸੀ, ਨਾ ਹੁਣ ਕੀਤੀ ਜਾ ਰਹੀ ਹੈ, ਸਗੋਂ ਨਸ਼ਾ ਤਸਕਰਾਂ ਪ੍ਰਤੀ ਢਿੱਲ ਵਰਤਣ ਵਾਲੇ ਪੁਲੀਸ ਅਫਸਰਾਂ ਤੇ ਮੁਲਾਜਮਾਂ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ। ਮੰਤਰੀ ਧਾਲੀਵਾਲ ਨੇ ਇਸ ਮੌਕੇ ਤੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤਾਂ , ਨੰਬਰਦਾਰਾਂ , ਡਿਫੈਂਸ ਕਮੇਟੀਆਂ ਨੂੰ ਸਮੂਹਿਕ ਤੌਰ ਤੇ ਨਸ਼ਿਆਂ ਵਿਰੁੱਧ ਹਲਫ ਦਿਵਾਉਂਦਿਆਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਤੁਹਾਡੇ ਸਹਿਯੋਗ ਨਾਲ ਇਸ ਯੁੱਧ ਵਿੱਚ ਵੀ ਫਤਿਹ ਹਾਸਲ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਦੀਆਂ ਉਕਤ ਨਸ਼ਾ ਮੁਕਤੀ ਯਾਤਰਾ ਰੈਲੀਆਂ ‘ਚ ਔਰਤਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ, ਐਸ ਐਚ ਓ ਘਰਿੰਡਾ ਅਮਨਦੀਪ ਸਿੰਘ, ਬੀਡੀਪੀਓ ਅਟਾਰੀ ਬਿਕਰਮਜੀਤ ਸਿੰਘ, ਕੋਡੀਨੇਟਰ ਗੱਜਣ ਸਿੰਘ,ਬਲਾਕ ਪ੍ਰਧਾਨ ਬਲਕਾਰ ਸਿੰਘ ਸਰਪੰਚ ਕੁਲਦੀਪ ਕੌਰ ,ਹਰਪ੍ਰੀਤ ਸਿੰਘ, ਹਰਦੇਵ ਸਿੰਘ ਖਾਲਸਾ ਸਾਬਕਾ ਚੇਅਰਮੈਨ, ਹਰਮੇਸ਼ ਸਿੰਘ, ਤਨਵੀਰ ਸਿੰਘ ,ਸਰਪੰਚ ਸਤਨਾਮ ਸਿੰਘ, ਪੁਨੀਤ ਕੁਮਾਰ,ਨਿਰਵੈਲ ਸਿੰਘ ਅਤੇ ਪਿੰਡਾਂ ਦੇ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।