ਧਾਲੀਵਾਲ ਦੇ ਯਤਨਾਂ ਸਦਕਾ ਰਾਏ ਸਿੱਖ ਬਰਾਦਰੀ ਦੇ ਪਿੰਡਾਂ ਵਿੱਚ ਸਕੂਲਾਂ ਦੀ ਬਦਲੀ ਜਾ ਚੁੱਕੀ ਹੈ ਦਸ਼ਾ

ਅਜਨਾਲਾ/ ਅੰਮ੍ਰਿਤਸਰ, 29 ਮਈ (ACN)- ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ‘ਚ ਸਿੱਖਿਆ ਕ੍ਰਾਂਤੀ ਤਹਿਤ ਰਾਏ ਸਿੱਖ ਬਿਰਾਦਰੀ ਦੇ ਪਿੰਡਾਂ ਵਿੱਚ ਹੋਏ ਪ੍ਰਭਾਵਸ਼ਾਲੀ ਉਦਘਾਟਨੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਖੇਤਰ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸ਼ੁਰੂ ਹੋਈ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਦਲ ਕੇ ਰੱਖ ਦਿੱਤਾ ਹੈ, ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪੱਖੋਂ ਇਹ ਸਰਹੱਦੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਆਧੁਨਿਕ ਸਹੂਲਤਾਂ ਨਾਲ ਲੈਸ ਤੇ ਪੜਾਈ ਪੱਖੋਂ ਸਮੇਂ ਦੇ ਹਾਣੀ ਬਣ ਗਏ ਹਨ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਖਿੱਤੇ ਨੂੰ ਸਕੂਲੀ ਸਿੱਖਿਆ ‘ਚ ਅਣਗੌਲ਼ਿਆਂ ਕੀਤਾ ਹੋਇਆ ਸੀ, ਜਦ ਕਿ ਮਾਨ ਸਰਕਾਰ ਨੇ ਸਮੁੱਚੇ ਪੰਜਾਬ ਦੇ ਬਰਾਬਰ ਇਹਨਾਂ ਪਿੰਡਾਂ ਵਿੱਚ ਵੀ ਵਿਕਾਸ ਦੇ ਕੰਮ ਸ਼ੁਰੂ ਕੀਤੇ ਹਨ। ਉਨਾਂ ਕਿਹਾ ਕਿ ਵੱਡੀ ਗਿਣਤੀ ‘ਚ ਪੇਂਡੂ ਸਰਹੱਦੀ ਸਕੂਲਾਂ ਦੀਆਂ ਚਾਰਦੀਵਾਰੀਆਂ ਨਾ ਹੋਣ ਕਾਰਣ ਪੜਾਈ ਕਰਦੇ ਬੱਚੇ ਤੇ ਸਕੂਲ ਦੇ ਅਹਾਤੇ ‘ਚ ਚਰਦੇ ਤੇ ਖਰੂਦ ਕਰਦੇ ਹੋਏ ਪਸ਼ੂ ਇਕੋ ਜਗਾਹ ਨਜ਼ਰ ਆਉਂਦੇ ਸਨ। ਕੈਬਨਿਟ ਮੰਤਰੀ ਪੰਜਾਬ ਸ: ਧਾਲੀਵਾਲ ਵਲੋਂ ਹਲਕੇ ਦੇ ਸਰਹੱਦੀ ਦੇ ਸਰਹੱਦੀ ਸਰਕਾਰੀ ਐਲੀਮੈਂਟਰੀ ਸਕੂਲ ਤੇੜਾ ਰਾਜਪੂਤਾਂ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਬੱਲ ਲਬੇ ਦਰਿਆਂ 10.65 ਲੱਖ ਰੁਪਏ ਦੀ ਲਾਗਤ ਨਾਲ , ਸਰਕਾਰੀ ਐਲੀਮੈਂਟਰੀ ਸਕੂਲ ਭੂਤਨਪੁਰਾ ਵਿਖੇ 27 ਲੱਖ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨੇਪੜੇ ਚੜੇ ਨਵ ਨਿਰਮਾਣ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਹਿਲਾਂ ਬੱਚਿਆਂ ਦੇ ਵਾਰਿਸ ਆਪਣੇ ਬੱਚਿਆਂ ਨੂੰ ਆਰਥਿਕ ਤੰਗੀ ਦੇ ਬਾਵਜੂਦ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ‘ਚ ਪੜਾਉਣ ’ਚ ਤਰਜੀਹ ਦਿੰਦੇ ਸਨ ਪਰ ਹੁਣ ਸਰਕਾਰੀ ਸਕੂਲਾਂ ਦੇ ਸਿੱਖਿਆ ਢਾਂਚੇ ਦੀ ਹੋਈ ਮਜਬੂਤੀ ਸਦਕਾ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਲੱਗੇ ਹਨ। ਕੈਬਨਿਟ ਮੰਤਰੀ ਧਾਲੀਵਾਲ ਨੇ ਮਿਹਨਤਕਸ਼ ਰਾਏ ਸਿੱਖ ਬਰਾਦਰੀ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਮਜਦੂਰੀ ਦੇ ਨਾਲ ਰੋਜ਼ੀ ਰੋਟੀ ਕਮਾਉਂਦਿਆਂ ਬੱਚਿਆਂ ਨੂੰ ਪੜਾਉਣ ‘ਚ ਵੀ ਵਿਸ਼ੇਸ਼ ਦਿਲਚਸਪੀ ਵਿਖਾਉਣ ਕਿਉਂਕਿ ਵਿਦਿਆ ਤੋਂ ਬਿਨ੍ਹਾਂ ਹਰ ਬੰਦਾ ਅਜੋਕੇ ਯੁੱਗ ‘ਚ ਤਰੱਕੀ ਪੱਖੋਂ ਅਧੂਰਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਟ੍ਰਿਕ ਬੋਰਡ ਪ੍ਰੀਖਿਆਵਾਂ ਵਿੱਚੋਂ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸੂਬਾ ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਵਿਦਿਅੱਕ ਢਾਂਚੇ ਨੂੰ ਕੌਮੀ ਤੇ ਵਿਦੇਸ਼ੀ ਸਕੂਲ਼ਾਂ ਦੇ ਸਮੇਂ ਦੇ ਹਾਣੀ ਬਣਾਉਣ ਲਈ ਸਰਕਾਰੀ ਸਕੂਲ਼ਾਂ ਦੇ ਅਧਿਆਂਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ ਤਾਂ ਜੋ ਉਹ ਚੰਗੀ ਮੁਹਾਰਤ ਹਾਸਲ ਕਰਕੇ ਵਿਿਦਆਰਥੀਆਂ ਨੂੰ ਵੀ ਵਧੀਆ ਸਿੱਖਿਆ ਮੁਹੱਈਆ ਕਰਵਾ ਸਕਣ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਖਤ ਤੋਂ ਸਖਤ ਮਿਹਨਤ ਕਰਕੇ ਆਪਣੇ ਵਿਦਿਅੱਕ ਟੀਚੇ ਨੂੰ ਸਰ ਕਰਦਿਆਂ ਆਪਣੇ ਮਾਪਿਆਂ, ਸਕੂਲ ਤੇ ਇਲਾਕੇ ਦੇ ਨਾਂਅ ਰੋਸ਼ਨ ਕਰਨ ।ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਬੀਈਓ ਦਲਜੀਤ ਸਿੰਘ ਸਮੇਤ ਸਮੂਹ ਸਕੂਲ ਸਟਾਫ, ਪੰਚ ਸਰਪੰਚ, ਸਕੂਲ ਪ੍ਰਬੰਧਕ ਕਮੇਟੀਆਂ, ਬੱਚਿਆਂ ਦੇ ਮਾਪੇ, ਤੇ ਹੋਰ ਮੋਹਤਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।