ਅਜਨਾਲਾ, 25 ਮਈ (ACN):- ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੰਜ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਹਿੱਸਾ ਲੈਂਦੇ ਨਸ਼ੇ ਦੇ ਸੌਦਾਗਰਾਂ ਨੂੰ ਸਖਤ ਸੰਦੇਸ਼ ਦਿੰਦਿਆ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਲਈ ਪੰਜਾਬ ਵਿੱਚ ਹੁਣ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਇਹ ਧੰਦਾ ਪਿਛਲੀਆਂ ਸਰਕਾਰਾਂ ਦੇ ਕੁਝ ਮੰਤਰੀਆਂ, ਵਿਧਾਇਕਾਂ ਦੀ ਮਿਲੀ ਭੁਗਤ ਨਾਲ ਚੱਲਦਾ ਰਿਹਾ ਹੈ, ਪਰ ਅਸੀਂ ਇਹਨਾਂ ਲੋਕਾਂ ਨੂੰ ਪੰਜਾਬ ਦੀਆਂ ਜੂਹਾਂ ਛੁਡਾ ਦਿਆਂਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸੁਨੇਹਾ ਬਹੁਤ ਸਪਸ਼ਟ ਹੈ ਕਿ ਜਾਂ ਤਾਂ ਇਹ ਲੋਕ ਆਪਣਾ ਕੰਮ ਛੱਡ ਜਾਣ ਜਾਂ ਪੰਜਾਬ ਛੱਡ ਜਾਣ, ਇਸ ਤੋਂ ਵਿਚਾਲੇ ਕੋਈ ਗੱਲ ਨਹੀਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਨੇਤਾ, ਕੋਈ ਵਜ਼ੀਰ, ਕੋਈ ਸਰਪੰਚ ਨਸ਼ਾ ਵੇਚਣ ਵਾਲਿਆਂ ਦੀ ਥਾਣੇ ਵਿੱਚ ਜਾਮਨੀ ਨਹੀਂ ਭਰੂਗਾ, ਸਿਫਾਰਿਸ਼ ਤਾਂ ਦੂਰ ਦੀ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ੇ ਦੇ ਵਪਾਰੀਆਂ ਉੱਤੇ ਬਹੁਤ ਸਖਤੀ ਕੀਤੀ ਹੋਈ ਹੈ। ਨਸ਼ਾ ਵੇਚਣ ਵਾਲੇ ਲਗਾਤਾਰ ਜੇਲਾਂ ਵਿੱਚ ਸੁੱਟੇ ਜਾ ਰਹੇ ਹਨ ਅਤੇ ਇਹਨਾਂ ਵੱਲੋਂ ਦੋ ਨੰਬਰ ਦੀ ਕਮਾਈ ਕਰਕੇ ਜੋ ਜਾਇਦਾਦਾਂ ਖੜੀਆਂ ਕੀਤੀਆਂ ਗਈਆਂ ਹਨ, ਉਹਨਾਂ ਨੂੰ ਜਾਂ ਤਾਂ ਸਰਕਾਰ ਕਬਜ਼ੇ ਵਿੱਚ ਲੈ ਰਹੀ ਹੈ ਜਾਂ ਮਲੀਆ ਮੇਟ ਕੀਤੀਆਂ ਜਾ ਰਹੀਆਂ ਹਨ। ਕੈਬਨਿਟ ਮੰਤਰੀ ਨੇ ਅੱਜ ਪਿੰਡ ਸਾਹਲੀਵਾਲ , ਸੈਦਪੁਰ ਖੁਰਦ, ਮੱਝੀਮੀਆਂ, ਸੈਦੋਗਾਜੀ ਅਤੇ ਰਾਏਪੁਰ ਕਲਾਂ ਵਿੱਚ ਨਸ਼ਾ ਮੁਕਤੀ ਨੂੰ ਲੈ ਕੇ ਭਰਵੀਆਂ ਯਾਤਰਾ ਕੀਤੀਆਂ, ਜਿਸ ਵਿੱਚ ਸਥਾਨਕ ਲੋਕਾਂ ਨੇ ਬੜੇ ਜੋਸ਼ ਦੇ ਨਾਲ ਹਿੱਸਾ ਲੈਂਦਿਆਂ ਨਸ਼ੇ ਨੂੰ ਆਪਣੇ ਪਿੰਡਾਂ ਵਿੱਚੋਂ ਖਤਮ ਕਰਨ ਦਾ ਪ੍ਰਣ ਕੀਤਾ। ਸ ਧਾਲੀਵਾਲ ਨੇ ਕਿਹਾ ਕਿ ਨਸ਼ਾ ਖਤਮ ਕਰ ਲਈ ਦੋ ਚੀਜ਼ਾਂ ਦੀ ਲੋੜ ਹੈ, ਇੱਕ ਸਰਕਾਰ ਦੀ ਇੱਛਾ ਅਤੇ ਦੂਸਰਾ ਤੁਹਾਡਾ ਪਿੰਡਾਂ ਵਾਲਿਆਂ ਦਾ ਸਹਿਯੋਗ। ਸੋ ਹੁਣ ਤੁਸੀਂ ਉੱਠ ਖੜੇ ਹੋਏ ਹੋ, ਹੁਣ ਨਸ਼ਾ ਬਹੁਤੇ ਦਿਨ ਪੰਜਾਬ ਵਿੱਚ ਟਿਕਣਾ ਨਹੀਂ। ਉਹਨਾਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ,ਆਂਡ ਗਵਾਂਡ ਜਾਂ ਰਿਸ਼ਤੇਦਾਰੀਆਂ ਵਿੱਚ ਜੋ ਵੀ ਵਿਅਕਤੀ ਨਸ਼ਾ ਕਰਦਾ ਹੈ, ਉਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚੋਂ ਕਰਵਾਉਣ, ਜਿੱਥੇ ਕਿ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨਾਲ ਹਮਦਰਦੀ ਦੀ ਲੋੜ ਹੈ, ਕਿਉਂਕਿ ਇਹ ਨਸ਼ੇ ਦੇ ਰੋਗੀ ਹਨ, ਗਲਤ ਸੰਗਤ ਵਿੱਚ ਪੈ ਗਏ ਹਨ ਪਰ ਹੁਣ ਇਹਨਾਂ ਨੂੰ ਆਪਾਂ ਹਸਪਤਾਲਾਂ ਵਿੱਚੋਂ ਇਲਾਜ ਕਰਵਾ ਕੇ ਦੁਬਾਰਾ ਨਵੇਂ ਜ਼ਿੰਦਗੀ ਦਈਏ।