ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ‘ਕੁਟੰਬ ਪ੍ਰਬੋਧਨ’ ਵਿਸ਼ੇ ’ਤੇ ਵਿਚਾਰ-ਗੋਸ਼ਟੀ ਦਾ ਆਯੋਜਨ

ਅੰਮ੍ਰਿਤਸਰ, 16 ਜੂਨ (ACN):- + ਮੁੱਖ ਮਹਿਮਾਨ ਵਜੋਂ ਪ੍ਰੋ. ਸੁਨੀਲ ਕੁਮਾਰ, ਮੁਖੀ, ਹਿੰਦੀ ਵਿਭਾਗ ਅਤੇ ਡੀਨ, ਭਾਸ਼ਾਵਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸੁਸ਼ੀਲ ਸ਼ਰਮਾ, ਖੇਤਰੀ ਪ੍ਰਧਾਨ, ਸ਼੍ਰੀ ਐੱਸ.ਕੇ. ਪੁੰਜ, ਸ਼੍ਰੀ ਐੱਸ.ਐੱਸ. ਗਿੱਲ, ਸੁਮਨ ਮਹਾਜਨ ਅਤੇ ਸ਼੍ਰੀ ਮੋਹਿਤ ਅਗਰਵਾਲ ਵਰਗੇ ਪਤਵੰਤੇ ਅਹੁਦੇਦਾਰ ਵੀ ਹਾਜ਼ਰ ਸਨ। ਪੰਜ ਸੈਸ਼ਨਾਂ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਸ਼੍ਰੀ ਰਵਿੰਦਰ ਪਠਾਨੀਆ ਨੇ ਇਸ ਮੌਕੇ ਹਾਜਰ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਹਿੰਦੀ ਵਿਭਾਗ ਦੀ ਖੋਜ ਵਿਿਦਆਰਥਣ ਸੁਸ਼ਰੀ ਸ਼ਸ਼ੀ ਮਾਥੁਰ ਨੇ ਭਗਤੀ ਗੀਤ ਪੇਸ਼ ਕੀਤਾ। ਸ਼੍ਰੀ ਵਿਨੋਦ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਭਾਰਤ ਨੂੰ ਮੁੜ ਸਿਹਤਮੰਦ, ਸੰਪੰਨ ਅਤੇ ਸੱਭਿਆਚਾਰਕ ਤੌਰ ’ਤੇ ਅਮੀਰ ਬਣਾਉਣ ਦੇ ਉਪਰਾਲੇ ਕਰਨਾ ਹੈ। ਸੁਸ਼ੀਲ ਸ਼ਰਮਾ ਨੇ ਸੇਵਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੇਵਾ ਸਿਰਫ਼ ਦਾਨ ਨਹੀਂ, ਸਗੋਂ ਇੱਕ ਅਜਿਹੀ ਭਾਵਨਾ ਹੈ ਜੋ ਸਵਾਰਥ ਤੋਂ ਪਰ੍ਹੇ ਹੁੰਦੀ ਹੈ। ਉਨ੍ਹਾਂ ਨੇ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਰਾਮਾਇਣ ਦੀ ਮਿਸਾਲ ਦਿੱਤੀ, ਜਿਸ ਵਿੱਚ ਮਰਿਆਦਾ ਪੁਰਸ਼ੋਤਮ ਸ੍ਰੀ ਰਾਮਚੰਦਰ ਜੀ ਅਤੇ ਮਾਤਾ ਸ਼ਬਰੀ ਦੇ ਮਿਲਣ ਦਾ ਜ਼ਿਕਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜੋ ਵਿਸ਼ਵ ਕਲਿਆਣ ਦੀ ਕਾਮਨਾ ਕਰਦਾ ਹੈ ਅਤੇ ਔਰਤਾਂ ਦੇ ਸਤਿਕਾਰ ਵਿੱਚ ਵਿਸ਼ਵ ਵਿੱਚ ਮੋਹਰੀ ਹੈ। ਸ਼੍ਰੀ ਮੋਹਿਤ ਅਗਰਵਾਲ, ਸੰਗਠਨ ਸਕੱਤਰ, ਨੇ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਸਾਲ ਭਰ ਦੀਆਂ ਸਰਗਰਮੀਆਂ ਅਤੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਰ ਪ੍ਰੋਗਰਾਮ ਨੂੰ ਕਿਵੇਂ ਤਿਆਰ ਕਰਨਾ ਹੈ। ਸ਼੍ਰੀ ਕੁਲਭੂਸ਼ਣ ਖਜੂਰੀਆ, ਸ਼੍ਰੀਮਤੀ ਆਰਤੀ ਗੁਪਤਾ, ਸ਼੍ਰੀਮਤੀ ਸ਼ਾਲਿਕਾ ਅਗਰਵਾਲ, ਸ਼੍ਰੀ ਸ਼ਿਵ ਰਾਜਨ ਪੁਰੀ ਅਤੇ ਸ਼੍ਰੀ ਸੁਮਿਤ ਪੁਰੀ ਨੇ ਸੇਵਾ, ਸੰਸਕਾਰ, ਸੰਪਰਕ, ਔਰਤਾਂ ਦੀ ਸਹਿਭਾਗਤਾ ਅਤੇ ਵਾਤਾਵਰਣ ਵਰਗੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਸ਼੍ਰੀ ਐੱਸ.ਕੇ. ਪੁੰਜ ਅਤੇ ਸ਼੍ਰੀ ਐੱਸ.ਐੱਸ. ਗਿੱਲ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਕਿਵੇਂ ਸਫਲਤਾਵਾਂ ਹਾਸਲ ਕੀਤੀਆਂ। ਸ਼੍ਰੀ ਰਵਿੰਦਰ ਪਠਾਨੀਆ ਨੇ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਦਿਆਂ ਸਵਾਮੀ ਵਿਵੇਕਾਨੰਦ ਦਾ ਸੁਨੇਹਾ ਦੁਹਰਾਇਆ, “ਉੱਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਟੀਚਾ ਹਾਸਲ ਨਾ ਹੋ ਜਾਵੇ। ਪ੍ਰੋ. ਸੁਨੀਲ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਅੱਜ ਦੇ ਬੱਚਿਆਂ ਨੂੰ ਤਿਆਰ ਕਰਨ ਵਿੱਚ ਮਾਪਿਆਂ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਇਤਿਹਾਸ ਵਿੱਚੋਂ ਕਈ ਮਿਸਾਲਾਂ ਦਿੱਤੀਆਂ ਕਿ ਕਿਵੇਂ ਮਾਵਾਂ ਨੇ ਦੇਸ਼ ਦੀਆਂ ਮਹਾਨ ਹਸਤੀਆਂ ਨੂੰ ਪਾਲਿਆ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰਮਾਤਮਾ ਅਤੇ ਕੁਦਰਤ ਨਾਲ ਜੋੜਨ, ਅਧਿਆਪਕਾਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭੌਤਿਕਵਾਦੀ ਯੁੱਗ ਵਿੱਚ ਜ਼ਰੂਰਤਾਂ ਅਤੇ ਇੱਛਾਵਾਂ ਵਿੱਚ ਫ਼ਰਕ ਸਮਝਾਇਆ। ਪ੍ਰੋ. ਸੁਨੀਲ ਕੁਮਾਰ ਨੇ ਕਿਹਾ ਕਿ ਆਦਰਸ਼ ਪਰਿਵਾਰ ਦੀ ਸਥਾਪਨਾ ਨਾਲ ਹੀ ਆਦਰਸ਼ ਸਮਾਜ ਅਤੇ ਸੰਪੰਨ ਭਾਰਤ ਦੀ ਸੰਕਲਪਨਾ ਸਾਕਾਰ ਹੋ ਸਕਦੀ ਹੈ। ਕੁਟੰਬ ਪ੍ਰਬੋਧਨ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਅਜਿਹੇ ਸਮਾਗਮਾਂ ਦਾ ਆਯੋਜਨ ਸੱਭਿਆਚਾਰਕ ਸਵਾਲਾਂ ਦੇ ਘੇਰੇ ਵਿੱਚ ਆਏ ਅੱਜ ਦੇ ਸਮੇਂ ਵਿੱਚ ਸੰਜੀਵਨੀ ਵਰਗਾ ਹੈ। ਗੌਰਤਲਬ ਹੈ ਕਿ ਪ੍ਰੋ. ਸੁਨੀਲ ਕੁਮਾਰ ਅਖਿਲ ਭਾਰਤੀ ਸਾਹਿਤ ਪ੍ਰੀਸ਼ਦ, ਪੰਜਾਬ ਦੇ ਸੂਬਾ ਪ੍ਰਧਾਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਅਤੇ ਪ੍ਰੇਰਨਾ ਨਾਲ ਹਿੰਦੀ ਵਿਭਾਗ ਵਿੱਚ ਅਜਿਹੀਆਂ ਸਰਗਰਮੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।